ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਜੂਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਲ 2019-20 ਲਈ ਗ੍ਰੇਡਿੰਗ ਇੰਡੈਕਸ (ਪੀਜੀਆਈ) ਵਿੱਚ ਸਾਰੇ ਸੂਬਿਆਂ/ਕੇਂਦਰੀ ਸ਼ਾਸਤ ਪ੍ਰਦੇਸ਼ਾਂ ’ਚੋਂ ਪਹਿਲਾ ਸਥਾਨ ਹਾਸਲ ਕਰਨ ’ਤੇ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਦੀ ਪਿੱਠ ਥਾਪੜੀ ਹੈ। ਮੁੱਖ ਮੰਤਰੀ ਨੇ ਵਧਾਈ ਦਿੰਦਿਆਂ ਸਕੂਲ ਸਿੱਖਿਆ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਅਹਿਮ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਸਿੱਖਿਆ ਮੰਤਰੀ ਦੀ ਰਹਿਨੁਮਾਈ ’ਤੇ ਮਾਣ ਕੀਤਾ।
ਇਹ ਦਰਜਾਬੰਦੀ ਭਾਰਤ ਸਰਕਾਰ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਵਿਭਾਗ ਅਤੇ ਸਾਖਰਤਾ ਵੱਲੋਂ ਜਾਰੀ ਕੀਤੀ ਗਈ ਹੈ। ਕੈਪਟਨ ਨੇ ਇਸ ਪ੍ਰਾਪਤੀ ਲਈ ਅਧਿਆਪਕਾਂ, ਵਿਦਿਆਰਥੀਆਂ ਅਤੇ ਬੱਚਿਆਂ ਦੇ ਮਾਪਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਸੂਬਿਆਂ/ਕੇਂਦਰੀ ਸ਼ਾਸਤ ਪ੍ਰਦੇਸ਼ਾਂ ’ਚੋਂ ਪੰਜਾਬ ਨੇ ਸਿਖਰਲਾ ਸਥਾਨ ਹਾਸਲ ਕੀਤਾ ਹੈ, ਜਿਸ ਤੋਂ ਸਕੂਲ ਸਿੱਖਿਆ ਦੀ ਕਾਇਆ-ਕਲਪ ਲਈ ਤੈਅ ਪੈਮਾਨਿਆਂ ਨੂੰ ਹਾਸਲ ਕਰਨ ਵਿਚ ਪੰਜਾਬ ਦੇ ਸਕੂਲਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਗਟਾਵਾ ਹੁੰਦਾ ਹੈ।
ਕੈਪਟਨ ਨੇ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਅਧਿਆਪਨ ਅਤੇ ਗੈਰ-ਅਧਿਆਪਨ ਮੁਲਾਜ਼ਮਾਂ ਨੂੰ ਵੀ ਵਧਾਈ ਦਿੱਤੀ। ਪੰਜਾਬ ਨੇ ਸਾਲ 2018-19 ਵਿਚ ਗ੍ਰੇਡ-2 ਤੋਂ ਵਰਨਣਯੋਗ ਸੁਧਾਰ ਕੀਤਾ, ਜਿਸ ਸਦਕਾ ਸੂਬੇ ਨੇ ਨਾ ਸਿਰਫ਼ ਸਾਲ 2019-20 ਵਿਚ ਗ੍ਰੇਡ-1++ ਹਾਸਲ ਕੀਤਾ ਸਗੋਂ ਪੰਜ ਕਾਰਜ ਖੇਤਰਾਂ ਵਿੱਚ 1000 ਅੰਕਾਂ ’ਚੋਂ 929 ਅੰਕਾਂ ਨਾਲ ਸਿਖਰਲੇ ਸਥਾਨ ਵਜੋਂ ਉਭਰਿਆ।