ਮੋਗਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਥਾਣਾ ਸਿਟੀ ਅਧੀਨ ਪਿੰਡ ਲੰਢੇਕੇ ਵਿੱਚ ਦੇਰ ਰਾਤ ਇੱਕ ਵਿਅਕਤੀ ਦੇ ਲਾਇਸੈਂਸੀ 32 ਬੋਰ ਰਿਵਾਲਵਰ ’ਚੋਂ ਅਚਾਨਕ ਚੱਲੀ ਗੋਲੀ ਕਾਰਨ ਉਸ ਦੀ ਪੰਜਵੀਂ ਜਮਾਤ ਵਿੱਚ ਪੜ੍ਹਦੀ 10 ਵਰ੍ਹਿਆਂ ਦੀ ਪੋਤੀ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਏਐੱਸਆਈ ਨਛੱਤਰ ਸਿੰਘ ਨੇ ਕਿਹਾ ਕਿ ਮਨਰੀਤ ਕੌਰ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਿਵਾਲਵਰ ਕਬਜ਼ੇ ਵਿੱਚ ਲੈ ਲਿਆ ਗਿਆ, ਜੋ ਜਾਂਚ ਲਈ ਸਰਕਾਰੀ ਲੈਬਾਰਟਰੀ ਭੇਜਿਆ ਜਾਵੇਗਾ। ਪੁਲੀਸ ਮੁਤਾਬਕ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਬੱਚੀ ਕੱਪੜਿਆਂ ਵਾਲੀ ਅਲਮਾਰੀ ਖੋਲ੍ਹ ਰਹੀ ਸੀ, ਜਿੱਥੇ ਉਸ ਦੇ ਦਾਦਾ, ਜੋ ਹਲਵਾਈ ਹੈ, ਦਾ ਲਾਇਸੈਂਸੀ ਰਿਵਾਲਵਰ ਪਿਆ ਸੀ। ਅਲਮਾਰੀ ਵਿੱਚੋਂ ਰਿਵਾਲਵਰ ਡਿੱਗਕੇ ਅਚਾਨਕ ਚੱਲੀ ਗੋਲੀ ਉਸ ਨੂੰ ਲੱਗ ਗਈ, ਜਿਸ ’ਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।