ਪੱਤਰ ਪ੍ਰੇਰਕ
ਲਹਿਰਾਗਾਗਾ, 3 ਜੂਨ
ਪਿੰਡ ਰੋੜੇਵਾਲਾ ਦੇ ਦਲਿਤ ਪਰਿਵਾਰ ਨਾਲ ਸਬੰਧਤ ਕਿਸਾਨ ਬਹਾਦਰ ਸਿੰਘ ਨੇ ਕਰਜ਼ੇ ਦਾ ਭਾਰ ਨਾ ਸਹਾਰਦੇ ਹੋਏ ਕੱਲ੍ਹ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਦਰੱਖਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਬਾਰੇ ਜਦੋਂ ਮ੍ਰਿਤਕ ਦੀ ਦਾਦੀ ਧੰਨ ਕੌਰ ਨੂੰ ਪਤਾ ਲੱਗਿਆ ਤਾਂ ਉਹ ਵੀ ਸਦਮਾ ਨਾ ਸਹਾਰਦੇ ਹੋਏ ਬੀਤੀ ਸ਼ਾਮ ਚੱਲ ਵਸੀ। ਐੱਸਐੱਚਓ ਇੰਸਪੈਕਟਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਮਗਰੋਂ ਬਹਾਦਰ ਸਿੰਘ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਦੇ ਲੜਕੇ ਗੁਰਲਾਲ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਕਰਜ਼ੇ ਕਾਰਨ ਪ੍ਰੇਸ਼ਾਨ ਰਹਿੰਦੇ ਸਨ। ਬਹਾਦਰ ਸਿੰਘ ਦੇ ਦੋ ਲੜਕੇ ਤੇ ਦੋ ਲੜਕੀਆਂ ਹਨ ਜਿਨ੍ਹਾਂ ’ਚੋ ਤਿੰਨ ਕੁਆਰੇ ਹਨ। ਪਿੰਡ ਰੋੜੇਵਾਲਾ ਦੇ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਬਹਾਦਰ ਸਿੰਘ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੀੜਤ ਪਰਿਵਾਰ ਦੀ ਮਦਦ ਕਰੇ।