ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਮਈ
ਇਥੇ ਥਾਣਾ ਸਮਾਲਸਰ ਅਧੀਨ ਪਿੰਡ ਸੁਖਾਨੰਦ ਵਿਖੇ ਸੰਗਤ ਨੇ ਸ਼ਰਾਬੀ ਹਾਲਤ ’ਚ ਗ੍ਰੰਥੀ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ ਹੈ। ਸੰਗਤ ਨੇ ਗੁਟਕਾ ਸਾਹਿਬ ਦੀ ਕਥਿਤ ਬੇਅਦਬੀ ਦਾ ਦੋਸ਼ ਵੀ ਲਾਇਆ ਹੈ। ਕਾਬੂ ਕੀਤਾ ਗ੍ਰੰਥੀ ਰਾਮ ਸਿੰਘ ਮਾਨਸਾ ਜ਼ਿਲ੍ਹੇ ’ਚ ਪੈਂਦੇ ਪਿੰਡ ਦਾ ਵਸਨੀਕ ਹੈ ਅਤੇ ਉਸ ਦਾ ਪਿਤਾ ਵੀ ਹਰਿਆਣਾ ’ਚ ਗ੍ਰੰਥੀ ਹੈ। ਥਾਣਾ ਸਮਾਲਸਰ ਮੁਖੀ ਇਕਬਾਲ ਸਿੰਘ ਨੇ ਗ੍ਰੰਥੀ ਨੂੰ ਸ਼ਰਾਬੀ ਹਾਲਤ ਵਿੱਚ ਕਾਬੂ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਮੋਟੇ ਦਿਮਾਗ ਦਾ ਹੈ। ਬੇਅਦਬੀ ਸਬੰਧੀ ਹਾਲੇ ਕੋਈ ਤੱਥ ਸਾਹਮਣੇ ਨਹੀਂ ਆਇਆ ਅਤੇ ਜਾਂਚ ਜਾਰੀ ਹੈ।
ਉਧਰ ਗ੍ਰੰਥੀ ਦੀ ਕਰਤੂਤ ਦਾ ਪਤਾ ਲੱਗਣ ਉੱਤੇ ਪਿੰਡ ਸੁਖਾਨੰਦ ਅਤੇ ਨੇੜਲੇ ਪਿੰਡ ਚੀਦਾ ਦੀ ਸੰਗਤ ਮੌਕੇ ਉੱਤੇ ਪੁੱਜੀ। ਸੰਗਤਾਂ ਨੇ ਕਥਿਤ ਸ਼ਰਾਬੀ ਹਾਲਤ ਵਿੱਚ ਗ੍ਰੰਥੀ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ। ਮੁਲਜ਼ਮ ਨੇ ਦੱਸਿਆ ਕਿ ਉਸ ਨੂੰ ਇਹ ਗੁਟਕਾ ਸਾਹਿਬ ਕਿਸੇ ਡੇਰੇ ਤੋਂ ਪਾਠ ਕਰਨ ਲਈ ਪ੍ਰਾਪਤ ਹੋਏ ਸਨ। ਸਿੱਖ ਸੰਗਤਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਡੇਰੇ ਵਲੋਂ ਸ਼ਰਾਬੀ ਵਿਅਕਤੀ ਨੂੰ ਗੁਟਕਾ ਸਾਹਿਬ ਦੇਣਾ ਜਾਂ ਗੁਰਬਾਣੀ ਦੇ ਪਵਿੱਤਰ ਗੁਟਕਿਆਂ ਦੀ ਸਾਂਭ ਸੰਭਾਲ ਨਾ ਕਰਨਾ ਬੇਹੱਦ ਮੰਦਭਾਗਾ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੁਲਜ਼ਮ ਨੂੰ ਕਾਬੂ ਕਰਕੇ ਲਿਜਾਂਦੀ ਹੋਈ ਪੁਲੀਸ।