ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 3 ਸਤੰਬਰ
ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਡਾ. ਅਮਰ ਸਿੰਘ ਨੇ ਅੱਜ ਸਰਹਿੰਦ ਸਟੇਸ਼ਨ ਤੋਂ ਨੰਦੇੜ ਜਾਣ ਵਾਲੀ ਸੱਚਖੰਡ ਐਕਸਪ੍ਰੈੱਸ ਦੀ ਪਹਿਲੀ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਮੁੱਦਾ ਕਈ ਵਾਰ ਉਠਾਉਣ ’ਤੇ ਦੋ ਸਾਲਾਂ ਦੇ ਲਗਾਤਾਰ ਯਤਨਾਂ ਤੋਂ ਬਾਅਦ ਆਖਰਕਾਰ ਸੱਚਖੰਡ ਐਕਸਪ੍ਰੈਸ 12715/16 ਨੂੰ ਸਰਹਿੰਦ ਅਤੇ ਖੰਨਾ ਰਾਹੀਂ ਮੁੜ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਸ਼ਰਧਾਲੂਆਂ ਨੂੰ ਰਾਹਤ ਮਿਲੇਗੀ, ਜਿਨ੍ਹਾਂ ਨੂੰ ਪਹਿਲਾਂ ਲੁਧਿਆਣਾ ਅਤੇ ਅੰਬਾਲਾ ਰਾਹੀਂ ਇਹ ਰੇਲਗੱਡੀ ਫੜਨੀ ਪੈਂਦੀ ਸੀ। ਇਸ ਮੌਕੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਜਦੋਂ ਸੱਚਖੰਡ ਐਕਸਪ੍ਰੈੱਸ ਸ੍ਰੀ ਹਜ਼ੂਰ ਸਾਹਿਬ ਨੂੰ ਜਾਣ ਵਾਲੀ ਗੱਡੀ ਸਰਹਿੰਦ ਵਿੱਚ ਆਉਣੀ ਬੰਦ ਹੋਈ ਸੀ ਤਾਂ ਉਸ ਵੇਲੇ ਇਲਾਕੇ ਦੀਆਂ ਸੰਗਤਾਂ ਦੀ ਮੰਗ ’ਤੇ ਸੰਸਦ ਡਾ. ਅਮਰ ਸਿੰਘ ਨੂੰ ਅਪੀਲ ਕੀਤੀ ਸੀ ਕਿ ਇਹ ਗੱਡੀ ਦੁਆਰਾ ਵਾਇਆ ਸਰਹਿੰਦ ਸਟੇਸ਼ਨ ਤੋਂ ਹੀ ਹੋ ਕੇ ਜਾਇਆ ਕਰੇ। ਇਸ ਮੌਕੇ ਏ.ਡੀ.ਆਰ.ਐਮ ਅੰਬਾਲਾ ਡਿਵੀਜ਼ਨ ਗੁਰਿੰਦਰ ਨਾਰੰਗ, ਸੀਨੀਅਰ ਡੀ.ਸੀ.ਐੱਮ ਅੰਬਾਲਾ ਹਰੀਮੋਹਨ ਤਿਵਾੜੀ, ਸਰਹਿੰਦ ਸਟੇਸ਼ਨ ਦੇ ਸੁਪਰਡੈਂਟ ਬੱਚੂ ਸਿੰਘ ਮੀਨਾ ਆਦਿ ਹਾਜ਼ਰ ਸਨ।