ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਅਕਤੂਬਰ
ਦਿੱਲੀ ਵਿਧਾਨ ਸਭਾ ਚੋਣਾਂ ਨੇੜੇ ਆਮ ਆਦਮੀ ਪਾਰਟੀ ਨੇ ਪੰਜਾਬ ’ਚ ਪ੍ਰਭਾਵੀ ਸ਼ਾਸਨ ਲਈ ਫ਼ੈਸਲਾ ਲੈਣਾ ਸ਼ੁਰੂ ਕੀਤਾ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨ ਦਿੱਲੀ ’ਚ ਪੰਜਾਬ ਦੇ ਵਜ਼ੀਰਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੇ ਵਿਭਾਗਾਂ ਦੀ ਸਮੀਖਿਆ ਕੀਤੀ ਹੈ। ਉਨ੍ਹਾਂ ਮੰਤਰੀਆਂ ਨੂੰ ਸਮਾਂਬੱਧ ਟੀਚੇ ਦਿੱਤੇ ਹਨ। ਅਰਵਿੰਦ ਕੇਜਰੀਵਾਲ ਵੱਲੋਂ ਆਪਣੇ ਭਰੋਸੇਮੰਦ ਵਿਅਕਤੀ ਨੂੰ ਮੁੱਖ ਮੰਤਰੀ ਦਾ ਮੁੱਖ ਸਲਾਹਕਾਰ ਲਗਾਏ ਜਾਣ ਦਾ ਰੌਲਾ ਕਈ ਦਿਨਾਂ ਤੋਂ ਪੈ ਰਿਹਾ ਹੈ।
ਮੁੱਖ ਮੰਤਰੀ ਦਫ਼ਤਰ ਦੇ ਸਰਕਾਰੀ ਬੁਲਾਰੇ ਅਜਿਹੀ ਕਿਸੇ ਨਿਯੁਕਤੀ ਤੋਂ ਇਨਕਾਰ ਕਰ ਰਹੇ ਹਨ ਪਰ ਸੱਤਾ ਦੇ ਗਲਿਆਰਿਆਂ ’ਚ ਅੱਜ ਇਹ ਪੂਰਾ ਦਿਨ ਚਰਚਾ ਰਹੀ ਕਿ ਪੰਜਾਬ ਕੈਬਨਿਟ ਨੇ ਅੱਜ ਅਰਵਿੰਦ ਕੇਜਰੀਵਾਲ ਦੇ ਭਰੋਸੇਮੰਦ ਨੂੰ ਮੁੱਖ ਮੰਤਰੀ ਦਾ ਮੁੱਖ ਸਲਾਹਕਾਰ ਨਿਯੁਕਤ ਕੀਤੇ ਜਾਣ ਅਤੇ ਉਸ ਦੀਆਂ ਨਿਯੁਕਤੀ ਦੀਆਂ ਸ਼ਰਤਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਦੇਖਿਆ ਜਾਵੇ ਤਾਂ ਪਿਛਲੇ ਕਈ ਦਿਨਾਂ ਤੋਂ ਮੁੱਖ ਸਲਾਹਕਾਰ ਦੀ ਨਿਯੁਕਤੀ ਨੂੰ ਲੈ ਕੇ ਚਰਚੇ ਛਿੜੇ ਹੋਏ ਹਨ ਪਰ ‘ਆਪ’ ਤਰਫ਼ੋਂ ਕਿਸੇ ਨੇ ਵੀ ਇਸ ਚਰਚਾ ਨੂੰ ਰੱਦ ਨਹੀਂ ਕੀਤਾ ਹੈ।
ਪੰਜਾਬ ਦੇ ਲੋਕ ਪਿਛਲੇ ਕੁਝ ਦਿਨਾਂ ਤੋਂ ‘ਆਪ’ ਵੱਲੋਂ ਚੁੱਕੇ ਜਾ ਰਹੇ ਨਵੇਂ ਸਿਆਸੀ ਕਦਮਾਂ ਨੂੰ ਨੇੜਿਓਂ ਦੇਖ ਰਹੇ ਹਨ। ਕੇਜਰੀਵਾਲ ਦੇ ਜੇਲ੍ਹ ’ਚੋਂ ਬਾਹਰ ਆਉਣ ਮਗਰੋਂ ਪੰਜਾਬ ਦੀ ਸਿਆਸਤ ਵਿਚ ਕਾਫ਼ੀ ਹਲਚਲ ਹੋਈ ਹੈ। ਸਭ ਤੋਂ ਪਹਿਲਾਂ ਮੁੱਖ ਮੰਤਰੀ ਦੇ ਓਐੱਸਡੀ ਓਂਕਾਰ ਸਿੰਘ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਸ ਮਗਰੋਂ ਡਾਇਰੈਕਟਰ ਸੰਚਾਰ ਨਵਨੀਤ ਵਧਵਾ ਨੇ ਸੀਐੱਮਓ ਵਿੱਚ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ। ਭਗਵੰਤ ਮਾਨ ਦੇ ਦਫ਼ਤਰ ਦੇ ਅਧਿਕਾਰਤ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੁੱਖ ਮੰਤਰੀ ਦੇ ਦੋ ਨੇੜਲਿਆਂ ਡਾਇਰੈਕਟਰ ਮੀਡੀਆ ਰਿਲੇਸ਼ਨਜ਼ ਬਲਤੇਜ ਪੰਨੂ ਤੇ ਡਾਇਰੈਕਟਰ ਕਮਿਊਨੀਕੇਸ਼ ਸੋਸ਼ਲ ਮੀਡੀਆ ਮਨਪ੍ਰੀਤ ਕੌਰ ਨੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।