ਟਿ੍ਰਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਦਸੰਬਰ
ਪੰਜਾਬ ਮੰਤਰੀ ਮੰਡਲ ਵੱਲੋਂ ਭਲਕੇ ਬੰਦ ਪਈ ਸਹਿਕਾਰੀ ਖੰਡ ਮਿੱਲ ਵਿਚ ਪਰਾਲੀ ਆਧਾਰਿਤ ਬਾਇਓ ਗੈਸ ਪਲਾਂਟ ਲਾਏ ਜਾਣ ਨੂੰ ਹਰੀ ਝੰਡੀ ਦਿੱਤੇ ਜਾਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਭਲਕੇ ਮੰਤਰੀ ਮੰਡਲ ਦੀ ਮੀਟਿੰਗ ਕਰੀਬ ਢਾਈ ਵਜੇ ਵੀਡੀਓ ਕਾਨਫਰੰਸ ਰਾਹੀਂ ਹੋਵੇਗੀ। ਮੀਟਿੰਗ ਵਿੱਚ ਸਹਿਕਾਰਤਾ ਵਿਭਾਗ ਵੱਲੋਂ ਏਜੰਡਾ ਪੇਸ਼ ਕੀਤਾ ਜਾਣਾ ਹੈ, ਜਿਸ ਤਹਿਤ ਬੰਦ ਪਈ ਸਹਿਕਾਰੀ ਖੰਡ ਮਿੱਲ ਰੱਖੜਾ ਜ਼ਿਲ੍ਹਾ ਪਟਿਆਲਾ ’ਚ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਕੰਪਰੈਸਡ ਬਾਇਓ ਗੈਸ ਪਲਾਂਟ ਲਾਏ ਜਾਣ ਦੀ ਪ੍ਰਵਾਨਗੀ ਦਿੱਤੀ ਜਾਣੀ ਹੈ। ਪਹਿਲਾਂ ਬਠਿੰਡਾ ਥਰਮਲ ਦੇ ਇੱਕ ਯੂਨਿਟ ਨੂੰ ਪਰਾਲੀ ’ਤੇ ਚਲਾਏ ਜਾਣ ਦੀ ਵਿਉਂਤ ਬਣੀ ਸੀ, ਜਿਸ ਨੂੰ ਪੰਜਾਬ ਸਰਕਾਰ ਨੇ ਰੱਦ ਕਰ ਦਿੱਤਾ ਸੀ। ਹੁਣ ਸਰਕਾਰ ਸਹਿਕਾਰੀ ਮਿੱਲ ਦੀ ਜਗ੍ਹਾ ਵਿਚ ਇਹ ਪ੍ਰੋਜੈਕਟ ਤੇਲ ਕੰਪਨੀ ਤੋਂ ਲਗਵਾ ਰਹੀ ਹੈ। ਇਸੇ ਤਰ੍ਹਾਂ ਪੰਜਾਬ ਵਿਚ ਨਵੀਂ ਮੋਟਰ ਗੱਡੀ ਦੇ ਮਾਡਲ ਜਾਂ ਉਸ ਦੇ ਵੇਰੀਐਂਟਸ ਜਾਂ ਸੀ.ਐੱਨ.ਜੀ ਜਾਂ ਐੱਲ.ਪੀ.ਜੀ ਕਿੱਟ ਅਪਰੂਵਲ ਜਾਂ ਇਲੈਕਟ੍ਰਿਕ ਵਹੀਕਲ ਦੀ ਰਜਿਸਟ੍ਰੇਸ਼ਨ ਕਰਨ ਲਈ ਪ੍ਰਵਾਨਗੀ ਜਾਰੀ ਕਰਨ ਲਈ ਪ੍ਰੋਸੈੱਸ ਫੀਸ ਚਾਰਜ ਕਰਨ ਸਬੰਧੀ ਵੀ ਫ਼ੈਸਲਾ ਲਿਆ ਜਾਵੇਗਾ। ਇਸੇ ਤਰ੍ਹਾਂ ਹੀ ਪੰਜਾਬ ਰਾਜ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਅੰਮ੍ਰਿਤ ਸਾਗਰ ਮਿੱਤਲ ਨੂੰ ਕੈਬਨਿਟ ਰੈਂਕ ਅਤੇ ਸਟੇਟਸ ਦੇਣ ਸਬੰਧੀ ਕਾਰਜ ਬਾਅਦ ਪ੍ਰਵਾਨਗੀ ਅਤੇ ਉਨ੍ਹਾਂ ਦੇ ਟਰਮਜ਼ ਐਂਡ ਕੰਡੀਸ਼ਨਜ਼ ਨਿਰਧਾਰਿਤ ਕਰਨ ਲਈ ਪ੍ਰਵਾਨਗੀ ਦਿੱਤੇ ਜਾਣ ਦੀ ਸੰਭਾਵਨਾ ਹੈ। ਸੂਤਰ ਦੱਸਦੇ ਹਨ ਕਿ ਪੰਜਾਬ ਵਿਚ ਜੋ ਠੇਕੇ ਪ੍ਰਣਾਲੀ ਆਧਾਰਿਤ ਮੁਲਾਜ਼ਮ ਕੰਮ ਕਰਦੇ ਹਨ, ਉਨ੍ਹਾਂ ਨੂੰ ਉਮਰ ਹੱਦ ਵਿਚ ਪੰਜ ਸਾਲ ਦੀ ਛੋਟ ਦਿੱਤੇ ਜਾਣ ਦੀ ਸੰਭਾਵਨਾ ਹੈ।