ਟ੍ਰਿਬਿਊਨ ਿਨਊਜ਼ ਸਰਵਿਸ
ਚੰਡੀਗੜ੍ਹ, 3 ਅਗਸਤ
ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੇ ਵਫ਼ਦ ਨੂੰ ਪੈਰਿਸ ਓਲੰਪਿਕ ਜਾਣ ਦੀ ਪ੍ਰਵਾਨਗੀ ਨਾ ਦੇਣ ਤੋਂ ਬਾਅਦ ਅੱਜ ਮੁੱਖ ਮੰਤਰੀ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨਾਲ ਫੋਨ ’ਤੇ ਗੱਲਬਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਹਾਕੀ ਖਿਡਾਰੀਆਂ ਨੂੰ ਪੈਰਿਸ ਓਲੰਪਿਕ ਦੇ ਕੁਆਰਟਰ ਫਾਈਨਲ ਮੈਚ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਮੁੱਖ ਮੰਤਰੀ ਨੇ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਅਫਸੋਸ ਜ਼ਾਹਰ ਕੀਤਾ ਕਿ ਉਹ ਪੈਰਿਸ ਆ ਕੇ ਭਾਰਤੀ ਹਾਕੀ ਟੀਮ ਦਾ ਹੌਸਲਾ ਵਧਾਉਣਾ ਚਾਹੁੰਦੇ ਸਨ, ਪਰ ਕੇਂਦਰ ਸਰਕਾਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚੰਗੀ ਤਰ੍ਹਾਂ ਪਤਾ ਹੋਣ ਦੇ ਬਾਵਜੂਦ ਸਿਆਸੀ ਕਾਰਨਾਂ ਕਰ ਕੇ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਮੈਚ ਦੌਰਾਨ ਭਾਰਤੀ ਹਾਕੀ ਟੀਮ ਨਾਲ ਰਹਿਣਾ ਚਾਹੁੰਦੇ ਸਨ, ਪਰ ਹੁਣ ਉਹ ਟੀਵੀ ਸਕਰੀਨ ’ਤੇ ਲਾਈਵ ਮੈਚ ਦੇਖਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸਾਰਾ ਦੇਸ਼ ਤੇ ਖਾਸ ਤੌਰ ’ਤੇ ਪੰਜਾਬ ਇਸ ਮੈਚ ਦੌਰਾਨ ਹਾਕੀ ਟੀਮ ਦੇ ਨਾਲ ਹੋਵੇਗਾ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਹਾਕੀ ਟੀਮ ਪੈਰਿਸ ਓਲੰਪਿਕ ਵਿੱਚ ਦੇਸ਼ ਲਈ ਸੋਨ ਤਗ਼ਮਾ ਜਿੱਤ ਕੇ ਸਫਲਤਾ ਦੀ ਨਵੀਂ ਕਹਾਣੀ ਲਿਖੇਗੀ। ਉਨ੍ਹਾਂ ਕਿਹਾ ਕਿ ਤਮਗਾ ਲੈ ਕੇ ਪਰਤਣ ਵਾਲੀ ਹਾਕੀ ਟੀਮ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲਾ ਵਫ਼ਦ 3 ਤੋਂ 9 ਅਗਸਤ ਤੱਕ ਫਰਾਂਸ ਦੌਰੇ ’ਤੇ ਜਾਣਾ ਚਾਹੁੰਦਾ ਸੀ ਪਰ ਵਿਦੇਸ਼ ਮੰਤਰਾਲੇ ਨੇ ਮੁੱਖ ਮੰਤਰੀ ਨੂੰ ਫਰਾਂਸ ਦੌਰੇ ਦੀ ਪ੍ਰਵਾਨਗੀ ਨਹੀਂ ਦਿੱਤੀ।
ਮਾਨ ਨੇ ਹਰਮਨਪ੍ਰੀਤ ਨਾਲ ਤਕਨੀਕੀ ਨੁਕਤੇ ਕੀਤੇ ਸਾਂਝੇ
ਮੁੱਖ ਮੰਤਰੀ ਭਗਵੰਤ ਮਾਨ ਨੇ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਨਾਲ ਖੇਡ ਦੇ ਕੁਝ ਤਕਨੀਕੀ ਨੁਕਤੇ ਸਾਂਝੇ ਕਰਦਿਆਂ ਸਲਾਹ ਦਿੱਤੀ ਕਿ ਉਹ ਟੀਮ ਦੇ ਸੈਂਟਰ ਵਿੱਚ ਰਹਿੰਦੀਆਂ ਉਨ੍ਹਾਂ ਥਾਵਾਂ ਵੱਲ ਧਿਆਨ ਦੇਣ, ਜਿੱਥੋਂ ਹਾਲ ਹੀ ਦੇ ਮੈਚ ਦੌਰਾਨ ਆਸਟਰੇਲਿਆਈ ਟੀਮ ਵੱਲੋਂ ਵੱਧ ਪਾਸ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਭਾਰਤ ਨੇ 52 ਸਾਲਾਂ ਮਗਰੋਂ ਆਸਟਰੇਲਿਆਈ ਟੀਮ ਨੂੰ ਹਰਾਇਆ। ਸ੍ਰੀ ਮਾਨ ਨੇ ਸਾਰੇ ਖਿਡਾਰੀਆਂ ਵੱਲੋਂ ਦਿਖਾਈ ਜਾ ਰਹੀ ਸ਼ਾਨਦਾਰ ਖੇਡ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੂਰੇ ਦੇਸ਼ ਨੂੰ ਉਨ੍ਹਾਂ ’ਤੇ ਮਾਣ ਹੈ।
ਸੁਰੱਖਿਆ ਮਸਲੇ ਕਾਰਨ ਭਗਵੰਤ ਮਾਨ ਨੂੰ ਨਾ ਮਿਲੀ ਫਰਾਂਸ ਜਾਣ ਦੀ ਇਜਾਜ਼ਤ
ਨਵੀਂ ਦਿੱਲੀ (ਅਜੈ ਬੈਨਰਜੀ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੈਰਿਸ ਓਲੰਪਿਕ ’ਚ ਭਾਰਤੀ ਹਾਕੀ ਟੀਮ ਨੂੰ ਹੱਲਾਸ਼ੇਰੀ ਦੇਣ ਲਈ ਕੀਤੇ ਜਾਣ ਵਾਲੇ ਦੌਰੇ ਨੂੰ ਕੇਂਦਰ ਸਰਕਾਰ ਨੇ ਸੁਰੱਖਿਆ ਅਤੇ ਫਰਾਂਸ ’ਚ ਵਪਾਰ ਨਾਲ ਸਬੰਧਤ ਮੁੱਦਿਆਂ ’ਤੇ ਢੁੱਕਵੀਂ ਚਰਚਾ ਨਾ ਹੋਣ ਦੀ ਸੰਭਾਵਨਾ ਦੇ ਆਧਾਰ ’ਤੇ ਰੱਦ ਕੀਤਾ ਹੈ। ਭਗਵੰਤ ਮਾਨ ਦੇ ਫਰਾਂਸ ਦੌਰੇ ਨੂੰ ਪ੍ਰਵਾਨਗੀ ਨਾ ਦੇਣ ਦਾ ਪਹਿਲਾ ਕਾਰਨ ਇਹ ਦੱਸਿਆ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਜ਼ੈੱਡ-ਪਲੱਸ ਸੁਰੱਖਿਆ ਹਾਸਲ ਹੈ ਅਤੇ ਮੇਜ਼ਬਾਨ ਮੁਲਕ ਲਈ ਓਲੰਪਿਕ ਦੌਰਾਨ ਉਨ੍ਹਾਂ ਦੀ ਢੁੱਕਵੀਂ ਸੁਰੱਖਿਆ ਕਰਨਾ ਮੁਸ਼ਕਲ ਹੋਵੇਗਾ। ਦੂਜਾ ਕਾਰਨ ਇਹ ਹੈ ਕਿ ਮੁੱਖ ਮੰਤਰੀ ਨਾਲ ਜਾਣ ਵਾਲੇ ਵਫ਼ਦ ’ਚ ‘ਇਨਵੈਸਟ ਪੰਜਾਬ’ ਦੇ ਅਫ਼ਸਰ ਸ਼ਾਮਲ ਸਨ ਅਤੇ ਕੇਂਦਰ ਸਰਕਾਰ ਨੇ ਫਰਾਂਸ ਦੇ ਦੌਰੇ ਖ਼ਿਲਾਫ਼ ਸਲਾਹ ਦਿੱਤੀ ਹੈ ਕਿਉਂਕਿ ਉਥੇ ਅਗਸਤ ’ਚ ਗਰਮੀ ਦੀਆਂ ਸਾਲਾਨਾ ਛੁੱਟੀਆਂ ਹੁੰਦੀਆਂ ਹਨ ਅਤੇ ਦੌਰੇ ਦਾ ਮਕਸਦ ਪੂਰਾ ਨਹੀਂ ਹੋਣਾ ਸੀ। ਸੂਤਰਾਂ ਨੇ ਦੱਸਿਆ ਕਿ ਯੂਰਪ ’ਚ ਕਈ ਅਜਿਹੇ ਅਨਸਰ ਹਨ ਜੋ ਭਗਵੰਤ ਮਾਨ ਲਈ ਖ਼ਤਰਾ ਬਣ ਸਕਦੇ ਹਨ। ਉਨ੍ਹਾਂ ਦੇ ਦੌਰੇ ਨਾਲ ਛੇ ਦਿਨਾਂ ਲਈ ਫਰਾਂਸ ’ਚ ਜ਼ੈੱਡ-ਪਲੱਸ ਵਰਗੀ ਸੁਰੱਖਿਆ ਕਰਨਾ ਮੁਸ਼ਕਲ ਹੁੰਦਾ। ਇਸ ਦੇ ਨਾਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ’ਤੇ ਹੋਏ ਹਮਲੇ ਮਗਰੋਂ ਫਰਾਂਸ ’ਚ ਹਾਕੀ ਸਟੇਡੀਅਮ ਦੇ ਆਲੇ-ਦੁਆਲੇ ਦੀਆਂ ਇਮਾਰਤਾਂ ’ਤੇ ਸੁਰੱਖਿਆ ਪ੍ਰਬੰਧ ਕਰਨੇ ਮੁਸ਼ਕਲ ਸਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀਆਂ ਅਤੇ ਸੂਬਿਆਂ ਦੇ ਮੰਤਰੀਆਂ ਲਈ ਵਿਦੇਸ਼ ਯਾਤਰਾ ਦੇ ਨਿਯਮ ਸਤੰਬਰ 2014 ’ਚ ਬਦਲੇ ਗਏ ਸਨ। ਮੁੱਖ ਮੰਤਰੀਆਂ ਦੇ ਤਜਵੀਜ਼ਤ ਦੌਰਿਆਂ ਦੀ ਜਾਣਕਾਰੀ ਕੈਬਨਿਟ ਸਕੱਤਰੇਤ ਅਤੇ ਵਿਦੇਸ਼ ਮੰਤਰਾਲੇ ਨੂੰ ਦੇਣੀ ਪੈਂਦੀ ਹੈ। ਦੋਵੇਂ ਨਿਯਮਾਂ ਤਹਿਤ ਸਿਆਸੀ ਅਤੇ ਐੱਫਸੀਆਰਏ ਮਨਜ਼ੂਰੀ ਜ਼ਰੂਰੀ ਹੈ।