ਚਰਨਜੀਤ ਭੁੱਲਰ
ਚੰਡੀਗੜ੍ਹ, 20 ਸਤੰਬਰ
ਪੰਜਾਬ ’ਚ ਧਰਤੀ ਹੇਠਲਾ ਪਾਣੀ ਏਨਾ ਡੂੰਘਾ ਚਲਾ ਗਿਆ ਹੈ ਕਿ ਕਿਸਾਨਾਂ ਨੂੰ ਖੇਤੀ ਮੋਟਰਾਂ ਦੇ ਲੋਡ ਵਧਾਉਣੇ ਪੈ ਰਹੇ ਹਨ। ਕਰੀਬ ਦਰਜਨ ਜ਼ਿਲ੍ਹਿਆਂ ’ਚ ਸਥਿਤੀ ਨਾਜ਼ੁਕ ਮੋੜ ’ਤੇ ਪੁੱਜ ਗਈ ਹੈ ਜਿੱਥੇ ਪਾਣੀ ਡੂੰਘਾ ਜਾਣ ਕਰ ਕੇ ਕਿਸਾਨਾਂ ਨੂੰ ਭਾਰੀ ਖ਼ਰਚੇ ਕਰਨੇ ਪੈ ਰਹੇ ਹਨ। ਪਾਵਰਕੌਮ ਦੇ ਤਾਜ਼ਾ ਵੇਰਵਿਆਂ ਅਨੁਸਾਰ ਲੰਘੇ ਸਾਢੇ ਚਾਰ ਮਹੀਨਿਆਂ ਵਿਚ ਪੰਜਾਬ ਦੇ 1.84 ਕਿਸਾਨਾਂ ਨੇ ਖੇਤੀ ਮੋਟਰਾਂ ਦਾ ਲੋਡ ਵਧਾਇਆ ਹੈ ਜਿਸ ਨਾਲ ਮੋਟਰਾਂ ਦੇ ਲੋਡ ਵਿਚ 7.49 ਲੱਖ ਬਰੇਕ ਹਾਰਸ ਪਾਵਰ (ਬੀਐਚਪੀ) ਦਾ ਵਾਧਾ ਹੋਇਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਰਾਹਤ ਦੇਣ ਲਈ 9 ਜੂਨ ਨੂੰ ਖੇਤੀ ਮੋਟਰਾਂ ਦਾ ਲੋਡ ਵਧਾਉਣ ਦੀ ਫ਼ੀਸ 4750 ਤੋਂ ਘਟਾ ਕੇ 2500 ਰੁਪਏ ਪ੍ਰਤੀ ਹਾਰਸ ਪਾਵਰ ਕਰ ਦਿੱਤੀ ਸੀ। ਇਸ ਦੇ ਨਤੀਜੇ ਵਜੋਂ ਉਨ੍ਹਾਂ ਕਿਸਾਨਾਂ ਨੇ ਖੇਤੀ ਮੋਟਰਾਂ ਦੇ ਲੋਡ ਵਧਾਏ ਹਨ ਜਿਨ੍ਹਾਂ ਦੀਆਂ ਮੋਟਰਾਂ ਪਾਣੀ ਡੂੰਘੇ ਚਲੇ ਜਾਣ ਕਰ ਕੇ ਪਾਣੀ ਕੱਢਣ ਦੇ ਸਮਰੱਥ ਨਹੀਂ ਰਹੀਆਂ ਸਨ। ਪਾਵਰਕੌਮ ਦੇ ਪੱਛਮੀ ਜ਼ੋਨ ਦੇ ਸੱਤ ਜ਼ਿਲ੍ਹਿਆਂ ਦੇ ਸਭ ਤੋਂ ਵੱਧ 51,359 ਕਿਸਾਨਾਂ ਨੇ ਖੇਤੀ ਮੋਟਰਾਂ ਦੇ ਲੋਡ ਵਿਚ 2.24 ਲੱਖ ਬੀਐਚਪੀ ਦਾ ਵਾਧਾ ਕੀਤਾ ਹੈ। ਬਠਿੰਡਾ ਤੇ ਮਾਨਸਾ ਜ਼ਿਲ੍ਹਾ ਸਭ ਤੋਂ ਮੋਹਰੀ ਰਿਹਾ ਹੈ। ਇੱਥੇ 17,245 ਕਿਸਾਨਾਂ ਨੇ 81,802 ਬੀਐਚਪੀ ਲੋਡ ਵਧਾਇਆ ਹੈ। ਇਸੇ ਤਰ੍ਹਾਂ ਬਰਨਾਲਾ ਤੇ ਮਾਲੇਰਕੋਟਲਾ ਜ਼ਿਲ੍ਹਿਆਂ ਵਿਚ 15,383 ਕਿਸਾਨਾਂ ਨੇ 70,964 ਬੀਐਚਪੀ ਲੋਡ ਵਧਾਇਆ ਹੈ। ਤਰਨ ਤਾਰਨ ਵਿਚ 19,603 ਕਿਸਾਨਾਂ ਨੇ 76,785 ਬੀਐੱਚਪੀ ਲੋਡ ਵਧਾਇਆ ਹੈ।
ਪੰਜਾਬ ਵਿਚ ਕਰੀਬ 14 ਲੱਖ ਖੇਤੀ ਮੋਟਰਾਂ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੀ ਸਕੀਮ ਨਾਲ ਕਿਸਾਨਾਂ ਨੂੰ ਕਰੀਬ 200 ਕਰੋੜ ਰੁਪਏ ਦੀ ਰਾਹਤ ਮਿਲੀ ਹੈ ਜਦੋਂਕਿ ਕਿਸਾਨਾਂ ਨੂੰ ਲੋਡ ਵਧਾਉੁਣ ਲਈ ਪਾਵਰਕੌਮ ਨੂੰ 202 ਕਰੋੜ ਰੁਪਏ ਤਾਰਨੇ ਵੀ ਪਏ ਹਨ।
ਪਾਵਰਕੌਮ ਨੂੰ ਸਭ ਤੋਂ ਵੱਧ ਰਕਮ ਪੱਛਮੀ ਜ਼ੋਨ ’ਚੋਂ 60.61 ਕਰੋੜ ਹਾਸਲ ਹੋਏ ਹਨ। ਦੱਖਣੀ ਜ਼ੋਨ ਦੇ ਕਿਸਾਨਾਂ ਨੇ 47.74 ਕਰੋੜ ਤੇ ਸਰਹੱਦੀ ਜ਼ੋਨ ਦੇ ਕਿਸਾਨਾਂ ਨੇ ਲੋਡ ’ਚ ਵਾਧੇ ਲਈ 32.98 ਕਰੋੜ ਰੁਪਏ ਭਰੇ ਹਨ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਨੇ 22.08 ਕਰੋੜ ਰੁਪਏ ਭਰੇ ਹਨ।
ਸਕੀਮ ਦੀ ਸਮਾਂ ਸੀਮਾ ਵਧਾਈ
‘ਆਪ’ ਸਰਕਾਰ ਨੇ ਲੋਡ ਵਧਾਉਣ ਲਈ ਵਾਲੰਟਰੀ ਡਿਸਕਲੋਜ਼ਰ ਸਕੀਮ (ਵੀ.ਡੀ.ਐਸ.) ਦੀ ਤਾਰੀਕ ਹੁਣ 23 ਅਕਤੂਬਰ ਤੱਕ ਵਧਾ ਦਿੱਤੀ ਹੈ। ਸਰਕਾਰ ਨੇ ਸਕੀਮ ਦੀ ਸਮਾਂ ਸੀਮਾ ਵਿੱਚ ਦੂਜੀ ਵਾਰ ਵਾਧਾ ਕੀਤਾ ਹੈ।