ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਦਸੰਬਰ
ਪੰਜਾਬ ਵਿੱਚ ਵਸਤਾਂ ਤੇ ਸੇਵਾਵਾਂ ਕਰ (ਜੀਐੱਸਟੀ) ਤੋਂ ਨਵੰਬਰ 2021 ਵਿੱਚ ਕੈਸ਼ ਕੁਲੈਕਸ਼ਨ 32 ਫ਼ੀਸਦ ਵਾਧੇ ਨਾਲ 1845 ਕਰੋੜ ਰੁਪਏ ਰਿਹਾ ਹੈ, ਜੋ ਇਸ ਕੇਂਦਰੀ ਟੈਕਸ ਪ੍ਰਣਾਲੀ ਦੇ ਲਾਗੂ ਹੋਣ ਬਾਅਦ ਦੂਜੀ ਸਭ ਤੋਂ ਵੱਡੀ ਕੁਲੈਕਸ਼ਨ ਹੈ। ਇਸ ਤੋਂ ਪਹਿਲਾਂ ਅਪਰੈਲ 2021 ਵਿੱਚ ਸਭ ਤੋਂ ਵੱਧ ਕੁਲੈਕਸ਼ਨ ਹੋਈ ਸੀ। ਟੈਕਸੇਸ਼ਨ ਕਮਿਸ਼ਨਰੇਟ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿੱਚ ਨਵੰਬਰ 2021 ਦੌਰਾਨ 1377.77 ਕਰੋੜ ਰੁਪਏ ਜੀਐੱਸਟੀ ਮਾਲੀਆ ਇਕੱਤਰ ਕੀਤਾ ਗਿਆ, ਜਦਕਿ ਪਿਛਲੇ ਸਾਲ ਇਸ ਮਹੀਨੇ (ਨਵੰਬਰ, 2020) ਦੌਰਾਨ 1067 ਕਰੋੜ ਰੁਪਏ ਮਾਲੀਆ ਇਕੱਤਰ ਕੀਤਾ ਗਿਆ ਹੈ, ਜੋ 29 ਫ਼ੀਸਦ ਦਾ ਮਜ਼ਬੂਤ ਵਾਧਾ ਬਣਦਾ ਹੈ। ਇਹ ਆਰਥਿਕਤਾ ਦੇ ਮੁੜ ਉਭਾਰ ਦੇ ਰੁਝਾਨ ਨੂੰ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ ਜੀਐੱਸਟੀ ਮਾਲੀਏ ਵਿੱਚ ਨਵੰਬਰ 2021 ਤੱਕ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 54 ਫ਼ੀਸਦ ਵਾਧਾ ਹੋਇਆ ਹੈ। ਜੀਐੱਸਟੀ ਮਾਲੀਏ ਵਿੱਚ ਇਹ ਵਾਧਾ ਸੂਬਾ ਸਰਕਾਰ ਵੱਲੋਂ ਕੀਤੇ ਗਏ ਨੀਤੀਗਤ ਤੇ ਪ੍ਰਸ਼ਾਸਕੀ ਉਪਾਵਾਂ ਦੇ ਨਾਲ-ਨਾਲ ਕੇਂਦਰੀ ਟੈਕਸ ਇਨਫੋਰਸਮੈਂਟ ਏਜੰਸੀਆਂ ਨਾਲ ਤਾਲਮੇਲ ਬਣਾ ਕੇ ਜੀਐੱਸਟੀ ਕਾਨੂੰਨ ਨੂੰ ਰਾਜ ਵਿੱਚ ਸੁਚੱਜੇ ਢੰਗ ਨਾਲ ਲਾਗੂ ਕੀਤੇ ਜਾਣ ਨਾਲ ਹੋਇਆ ਹੈ। ਨਵੰਬਰ 2021 ਦੌਰਾਨ ਵੈਟ ਅਤੇ ਸੀਐੱਸਟੀ ਤੋਂ ਕ੍ਰਮਵਾਰ 949.44 ਕਰੋੜ ਰੁਪਏ ਤੇ 20.19 ਕਰੋੜ ਰੁਪਏ ਟੈਕਸ ਇਕੱਤਰ ਕੀਤਾ ਗਿਆ ਹੈ।