ਖੇਤਰੀ ਪ੍ਰਤੀਨਿਧ
ਪਟਿਆਲਾ, 15 ਜੂਨ
ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਸਮੂਹ ਕਾਂਸਟੀਚੁਐਂਟ ਕਾਲਜਾਂ ਦੀ ਗੈਸਟ ਫੈਕਲਟੀ ਅਧਿਆਪਕ ਯੂਨੀਅਨ ਵੱਲੋਂ ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਵਿੱਚ ਵੀਸੀ ਦਫ਼ਤਰ ਸਾਹਮਣੇ ਦਿਨ ਰਾਤ ਦਾ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਉਹ ਸੇਵਾਵਾਂ ਤਾਂ 12 ਮਹੀਨੇ ਨਿਭਾਉਂਦੇ ਹਨ ਪਰ ਪੱਤਰ ’ਚ ਕਿਹਾ ਗਿਆ ਹੈ ਕਿ ਲੈਕਚਰਾਂ ਦੇ ਆਧਾਰ ’ਤੇ ਹੀ ਮਿਹਨਤਾਨਾ/ਤਨਖ਼ਾਹ ਦਿੱਤੀ ਜਾਵੇਗੀ। ਇਸ ਲਿਹਾਜ਼ ਨਾਲ ਅੱਠ ਮਹੀਨਿਆਂ ਦੀ ਹੀ ਤਨਖ਼ਾਹ ਮਿਲੇਗੀ।
ਇਸ ਧਰਨੇ ਨੂੰ ਯੂਨੀਅਨ ਆਗੂ ਗੁਰਸੇਵਕ ਸਿੰਘ, ਅਮਨਦੀਪ ਸਿੰਘ, ਬਲਵਿੰਦਰ ਸਿੰਘ, ਡਾ. ਰਵੀਦਿੱਤ, ਜਸਪਾਲ ਸਿੰਘ, ਜਸਦੀਪ ਕੌਰ, ਸੋਨੀਆ ਰਾਣੀ ਅਤੇ ਮੀਨਾਕਸ਼ੀ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਗੈਸਟ ਫੈਕਲਟੀ ਅਧਿਆਪਕ, ਅਧਿਆਪਨ ਕਾਰਜ ਤੋਂ ਇਲਾਵਾ ਗ਼ੈਰ-ਅਧਿਆਪਨ ਕੰਮ ਵੀ ਸਾਲ ਭਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਜਾਰੀ ਪੱਤਰ ਮੁਤਾਬਕ ਗੈਸਟ ਫੈਕਲਟੀ ਅਧਿਆਪਕਾਂ ਦੀਆਂ ਸੇਵਾਵਾਂ ਗਿਆਰਾਂ ਮਹੀਨੇ ਪੱਚੀ ਦਿਨ ਹੋਣਗੀਆਂ।
ਆਗੂਆਂ ਨੇ ਇਸ ਨੂੰ ਤੁਗਲਕੀ ਫਰਮਾਨ ਦੱਸਦਿਆਂ ਕਿਹਾ ਕਿ ਇਹ ਸਿੱਧੇ ਰੂਪ ’ਚ ਸ਼ੋਸ਼ਣ ਹੈ। ਉਨ੍ਹਾਂ ਦੱਸਿਆ ਕਿ ਇਸੇ ਹੀ ਪੱਤਰ ’ਚ ਇਹ ਵੀ ਅੰਕਿਤ ਹੈ ਕਿ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਪੰਜ ਕੰਮਕਾਜੀ ਦਿਨਾਂ ਦੀ ਬਰੇਕ ਵੀ ਪਾਈ ਜਾਵੇ। ਇਹ ਫ਼ੈਸਲਾ ਅਕਾਦਮਿਕ ਸੈਸ਼ਨ 2022-23 ਤੋਂ ਲਾਗੂ ਕੀਤਾ ਜਾਵੇਗਾ। ਗੁਰਸੇਵਕ ਸਿੰਘ ਨੇ ਕਿਹਾ ਕਿ ਦਿਨ-ਰਾਤ ਦਾ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਇਹ ਮਾਰੂ ਫ਼ੈਸਲੇ ਵਾਲ਼ਾ ਪੱਤਰ ਵਾਪਸ ਲੈ ਕੇ ਉਨ੍ਹਾਂ ਨੂੰ ਹੋਰਨਾ ਅਧਿਆਪਕਾਂ ਦੀ ਤਰ੍ਹਾਂ ਸਾਲ ਭਰ ਦੀ ਤਨਖ਼ਾਹ ਯਕੀਨੀ ਨਹੀਂ ਬਣਾਈ ਜਾਂਦੀ। ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਰਵਾਜਪੁਰ, ਪੀਐਸਯੂ ਆਗੂ ਅਮਨਦੀਪ ਸਿੰਘ, ਡੀਐੱਸਓ ਤੋਂ ਬਿਕਰਮ ਬਾਗ਼ੀ ਅਤੇ ਪੀਆਰਐੱਸਯੂ ਤੋਂ ਸੰਦੀਪ ਕੌਰ ਨੇ ਵੀ ਭਰਾਤਰੀ ਜਥੇਬੰਦੀਆਂ ਵਜੋਂ ਸ਼ਿਰਕਤ ਕੀਤੀ।