ਚਰਨਜੀਤ ਭੁੱਲਰ
ਚੰਡੀਗੜ੍ਹ, 24 ਅਕਤੂਬਰ
ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਗੁੰਡਾ ਪਰਚੀ ਦੇ ਮਾਮਲੇ ’ਤੇ ਮਾਰਕੀਟ ਕਮੇਟੀ ਜੈਤੋ ਦੇ ਸਕੱਤਰ ਹਰਸ਼ਵੰਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਖੇਤੀ ਮੰਤਰੀ ਦੇ ਹੁਕਮਾਂ ਮਗਰੋਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਪੰਜਾਬ ਸਟੇਟ ਐਗਰੀਕਲਚਰਲ ਮਾਰਕੀਟਿੰਗ ਸਰਵਿਸ (ਸਜ਼ਾ ਅਤੇ ਅਪੀਲ) ਰੂਲਜ਼ 1988 ਅਧੀਨ ਇਹ ਕਾਰਵਾਈ ਕੀਤੀ ਹੈ। ਉਨ੍ਹਾਂ ਦਾ ਮੁਅੱਤਲੀ ਦੌਰਾਨ ਹੈੱਡਕੁਆਰਟਰ ਜ਼ਿਲ੍ਹਾ ਮੰਡੀ ਦਫ਼ਤਰ ਬਠਿੰਡਾ ਰਹੇਗਾ।
ਵੇਰਵਿਆਂ ਅਨੁਸਾਰ ਜੈਤੋ ਦੇ ਵਸਨੀਕ ਅਸ਼ੋਕ ਕੁਮਾਰ ਨੇ ਵਾਇਰਲ ਵੀਡੀਓ ਦੇ ਹਵਾਲੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਤੀ ਮੰਤਰੀ ਕੋਲ ਸ਼ਿਕਾਇਤ ਭੇਜੀ ਸੀ ਜਿਸ ਵਿੱਚ ਪਰਵਾਸੀ ਮਜ਼ਦੂਰਾਂ ਤੋਂ ਜਬਰਦਸਤੀ 1500-1500 ਰੁਪਏ ਦੀ ਵਸੂਲੀ ਦੀ ਗੱਲ ਕਹੀ ਗਈ ਸੀ। ਵੀਡੀਓ ਵਿੱਚ ਪਰਵਾਸੀ ਮਜ਼ਦੂਰ ਆਖ ਰਹੇ ਹਨ ਕਿ ਉਨ੍ਹਾਂ ਤੋਂ ਜਬਰੀ ਗੁੰਡਾ ਪਰਚੀ ਲਈ ਜਾ ਰਹੀ ਹੈ ਪ੍ਰੰਤੂ ਵੀਡੀਓ ਵਿੱਚ ਚੇਅਰਮੈਨ ਜਾਂ ਸਕੱਤਰ ਨੂੰ ਕਿਤੇ ਦਿਖਾਇਆ ਨਹੀਂ ਗਿਆ ਸੀ।
ਮਾਰਕੀਟ ਕਮੇਟੀ ਦੇ ਚੇਅਰਮੈਨ ਇਸ ਤੋਂ ਪਹਿਲਾਂ ਹੀ ਇਨਕਾਰ ਕਰ ਚੁੱਕੇ ਹਨ। ਮੁਅੱਤਲ ਸਕੱਤਰ ਹਰਸ਼ਵੰਤ ਸਿੰਘ ਭਗਤਾ ਭਾਈਕਾ ਦੀ ਮਾਰਕੀਟ ਕਮੇਟੀ ਵਿੱਚ ਤਾਇਨਾਤੀ ਹੈ ਜਿਨ੍ਹਾਂ ਕੋਲ ਜੈਤੋ ਤੇ ਰਾਮਪੁਰਾ ਫੂਲ ਦਾ ਵਾਧੂ ਚਾਰਜ ਹੈ। ਬਠਿੰਡਾ ਦੇ ਪਿੰਡ ਕੋਠਾਗੁਰੂ ਦੇ ਰਹਿਣ ਵਾਲੇ ਹਰਸ਼ਵੰਤ ਸਿੰਘ ਲੇਖਾਕਾਰ ਤੋਂ ਤਰੱਕੀ ਮਗਰੋਂ ਸਕੱਤਰ ਬਣੇ ਹਨ। ਸਕੱਤਰ ਦੀ ਮੁਅੱਤਲੀ ਮਗਰੋਂ ਮੰਡੀ ਬੋਰਡ ਦੇ ਫ਼ੀਲਡ ਸਟਾਫ਼ ਵਿੱਚ ਕਾਫ਼ੀ ਰੌਲਾ ਪਿਆ ਹੈ।
ਸਕੱਤਰ ਹਰਸ਼ਵੰਤ ਸਿੰਘ ਦਾ ਕਹਿਣਾ ਹੈ ਕਿ ਜੋ ਵੀਡੀਓ ਵਾਇਰਲ ਹੋਈ ਸੀ, ਉਸ ਵਿੱਚ ਪਰਵਾਸੀ ਮਜ਼ਦੂਰਾਂ ਵੱਲੋਂ ਦੋਸ਼ ਲਗਾਏ ਗਏ ਸਨ ਅਤੇ ਉਨ੍ਹਾਂ ਦਾ ਵੀਡੀਓ ਵਿੱਚ ਕਿਧਰੇ ਵੀ ਕੋਈ ਜ਼ਿਕਰ ਨਹੀਂ ਸੀ। ਉਨ੍ਹਾਂ ਕਿਹਾ ਕਿ ਉਸ ਦੀ ਮੁਅੱਤਲੀ ਕਿਉਂ ਹੋਈ ਹੈ, ਉਸ ਨੂੰ ਖ਼ੁਦ ਨਹੀਂ ਪਤਾ ਹੈ। ਉਨ੍ਹਾਂ ਕਿਹਾ ਕਿ ਗੁੰਡਾ ਪਰਚੀ ਸਬੰਧੀ ਨਾ ਉਸ ਨੂੰ ਜਾਣਕਾਰੀ ਹੈ ਅਤੇ ਨਾ ਹੀ ਕੋਈ ਉਸ ਨਾਲ ਲਾਗਾ ਦੇਗਾ ਹੈ। ਪਤਾ ਲੱਗਾ ਹੈ ਕਿ ਮਾਰਕੀਟ ਕਮੇਟੀ ਜੈਤੋ ਦਾ ਚੇਅਰਮੈਨ ਵੀ ਆਪਣਾ ਸਫ਼ਾਈ ਅਤੇ ਸਪੱਸ਼ਟੀਕਰਨ ਦੇ ਰਿਹਾ ਹੈ। ਜਾਣਕਾਰੀ ਅਨੁਸਾਰ ਮੰਡੀ ਬੋਰਡ ਫੀਲਡ ਐਸੋਸੀਏਸ਼ਨ ਨੇ ਇਸ ਮਾਮਲੇ ’ਤੇ ਰੋਸ ਜ਼ਾਹਰ ਕੀਤਾ ਹੈ। ਐਸੋਸੀਏਸ਼ਨ ਦਾ ਵਫ਼ਦ ਭਲਕੇ ਪੰਜਾਬ ਮੰਡੀ ਬੋਰਡ ਦੇ ਸਕੱਤਰ ਨੂੰ ਮਿਲੇਗਾ ਅਤੇ ਇਸ ਮਾਮਲੇ ’ਤੇ ਸਕੱਤਰ ਹਰਸ਼ਵੰਤ ਸਿੰਘ ਦਾ ਪੱਖ ਰੱਖਿਆ ਜਾਵੇਗਾ। ਐਸੋਸੀਏਸ਼ਨ ਵੱਲੋਂ ਮੁਅੱਤਲ ਸਕੱਤਰ ਦੀ ਬਹਾਲੀ ਦੀ ਮੰਗ ਕੀਤੀ ਜਾਣੀ ਹੈ।