ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਨਵੰਬਰ
ਹੈਬੋਵਾਲ ਦੇ ਜੱਸੀਆਂ ਰੋਡ ’ਤੇ ਪੁਲੀਸ ਦੇ ਰੋਕਣ ’ਤੇ ਐਕਟਿਵਾ ਸਵਾਰ ਨੇ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਪੁਲੀਸ ਨੇ ਜਵਾਬੀ ਕਾਰਵਾਈ ਕੀਤੀ ਤੇ ਇਕ ਗੋਲੀ ਨੌਜਵਾਨ ਦੇ ਲੱਗੀ। ਇਸ ਤੋਂ ਬਾਅਦ ਪੁਲੀਸ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਗੋਲੀਆਂ ਚਲਾਉਣ ਵਾਲੇ ਦੀ ਪਛਾਣ ਤਾਜਪੁਰ ਰੋਡ ਦੇ ਰਹਿਣ ਵਾਲੇ ਅਮਿਤ ਵਜੋਂ ਹੋਈ ਹੈ। ਕਰਾਸ ਫਾਈਰਿੰਗ ਦੀ ਸੂਚਨਾ ਮਿਲਦਿਆਂ ਹੀ ਏਡੀਸੀਪੀ ਕ੍ਰਾਈਮ ਅਮਨਦੀਪ ਸਿੰਘ ਬਰਾੜ ਸਮੇਤ ਕਈ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ। ਪੁਲੀਸ ਨੇ ਇਸ ਮਾਮਲੇ ’ਚ ਅਮਿਤ ਖਿਲਾਫ ਥਾਣਾ ਹੈਬੋਵਾਲ ’ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਵੇਲੇ ਮੁਲਜ਼ਮ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਤੇ ਉਸ ਦੇ ਸਿਹਤਯਾਬ ਹੋਣ ’ਤੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਏਡੀਸੀਪੀ ਕਰਾਈਮ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਸੀਆਈਏ 1 ਦੀ ਟੀਮ ਨੇ ਜੱਸੀਆਂ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ ਤੇ ਪੁਲੀਸ ਪਾਰਟੀ ਨੇ ਐਕਟਿਵਾ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਦੋਂ ਪੁਲੀਸ ਮੁਲਾਜ਼ਮਾਂ ਨੇ ਤਲਾਸ਼ੀ ਲੈਣੀ ਸ਼ੁਰੂ ਕੀਤੀ ਤਾਂ ਉਸ ਨੇ ਅਚਾਨਕ ਪਿਸਤੌਲ ਕੱਢ ਲਿਆ ਅਤੇ ਗੋਲੀ ਚਲਾ ਦਿੱਤੀ ਅਤੇ ਐਕਟਿਵਾ ਭਜਾ ਲਈ। ਇਸ ਦੌਰਾਨ ਸਾਹਮਣੇ ਖੜ੍ਹੇ ਜਵਾਨਾਂ ਨੇ ਚੌਕਸੀ ਦਿਖਾਉਂਦਿਆਂ ਹੋਏ ਉਸ ’ਤੇ ਗੋਲੀਆਂ ਚਲਾਈਆਂ ਜਿਸ ਕਾਰਨ ਐਕਟਿਵਾ ਦਾ ਸੰਤੁਲਨ ਵਿਗੜ ਗਿਆ ਅਤੇ ਨੌਜਵਾਨ ਡਿੱਗ ਗਿਆ। ਏਡੀਸੀਪੀ ਅਨੁਸਾਰ ਅਮਿਤ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਦੇ ਕੇਸ ਦਰਜ ਹਨ ਅਤੇ ਉਹ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਹੈ। ਉਹ ਦੇਰ ਰਾਤ ਨੂੰ ਕਈ ਇਲਾਕਿਆਂ ਵਿੱਚ ਚੋਰੀਆਂ ਕਰਨ ਨਿਕਲਦਾ ਸੀ। ਉਸ ਦੇ ਠੀਕ ਹੋਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।