ਪੱਤਰ ਪ੍ਰੇਰਕ
ਚੇਤਨਪੁਰਾ, 3 ਜੂਨ
ਤਿੰਨ ਹਥਿਆਰਬੰਦ ਲੁਟੇਰੇ ਬੀਤੀ ਰਾਤ ਸ਼ਿਵਾ ਪੈਟਰੋਲ ਪੰਪ ਦੇ ਇੱਕ ਸੁਰੱਖਿਆ ਕਰਮੀ ਨੂੰ ਗੋਲੀ ਮਾਰਨ ਤੋਂ ਬਾਅਦ ਉਸ ਦੀ ਰਾਈਫਲ ਖੋਹਕੇ ਫ਼ਰਾਰ ਹੋ ਗਏ। ਪੰਪ ਮਾਲਕ ਧਰਮ ਪਾਲ ਅਤੇ ਕਰਿੰਦੇ ਅਜੇ ਕੁਮਾਰ ਨੇ ਦੱਸਿਆ ਕਿ ਰਾਤ 10.30 ਵਜੇ ਤਿੰਨ ਨੌਜਵਾਨ ਪੰਪ ’ਤੇ ਆਏ ਅਤੇ ਪੈਟਰੋਲ ਪਾਉਣ ਲਈ ਕਹਿਣ ਲੱਗੇ। ਉਨ੍ਹਾਂ ਦੇ ਇਹ ਕਹਿਣ ’ਤੇ ਕਿ ਪੰਪ ਬੰਦ ਹੋ ਗਿਆ ਹੈ, ਲੁਟੇਰਿਆਂ ਨੇ ਸੁਰੱਖਿਆ ਕਰਮੀ ਹਰਜੀਤ ਸਿੰਘ ਨੂੰ ਗੋਲੀ ਮਾਰ ਦਿੱਤੀ ਅਤੇ ਉਸਦੀ ਰਾਈਫਲ ਖੋਹ ਕੇ ਫ਼ਰਾਰ ਹੋ ਗਏ। ਪੰਪ ਤੋਂ ਕੋਈ ਨਕਦੀ ਵਗੈਰਾ ਦੀ ਲੁੱਟ ਨਹੀਂ ਹੋਈ। ਜ਼ਖ਼ਮੀ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਹੈ ਜਿਸਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲੀਸ ਥਾਣਾ ਕੰਬੋਅ ਦੇ ਮੁੱਖ ਅਫਸਰ ਯਾਦਵਿੰਦਰ ਸਿੰਘ ਦੱਸਿਆ ਕਿ ਅਣਪਛਾਤੇ ਲੁਟੇਰਿਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਨਕਦੀ ਵਾਲੀ ਵੈਨ ਦੇ ਗੰਨਮੈਨ ਕੋਲੋਂ ਅਚਾਨਕ ਗੋਲੀ ਚੱਲੀ
ਜਲੰਧਰ: ਬੀਐੱਮਸੀ ਚੌਕ ਵਿਚਲੀ ਇੱਕ ਬੈਂਕ ਵਿੱਚੋਂ ਵੈਨ ਵਿੱਚ ਨਕਦੀ ਲੱਦਣ ਸਮੇਂ ਗੰਨਮੈਨ ਦੀ ਬੰਦੂਕ ਵਿੱਚੋਂ ਅਚਾਨਕ ਗੋਲੀ ਚੱਲ ਗਈ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਬੰਦੂਕ ਵਿੱਚੋਂ ਨਿਕਲੀ ਗੋਲੀ ਕੰਧ ਵਿੱਚ ਜਾ ਵੱਜੀ। ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਪਹੁੰਚ ਗਈ ਤੇ ਗੋਲੀ ਦਾ ਖੋਲ੍ਹ ਬਰਾਮਦ ਕਰ ਲਿਆ। ਐੱਸਐੱਚਓ ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਗੋਲੀ ਗੰਨਮੈਨ ਗੁਰਮੀਤ ਸਿੰਘ ਦੇ ਲਾਇਸੈਂਸੀ ਹਥਿਆਰ ਵਿੱਚੋਂ ਚੱਲੀ ਸੀ। ਜਦੋਂ ਵੈਨ ਵਿੱਚ ਨਕਦੀ ਲੱਦਣੀ ਸੀ ਤਾਂ ਗੁਰਮੀਤ ਸਿੰਘ ਆਪਣਾ ਹਥਿਆਰ ਲੋਡ ਕਰ ਰਿਹਾ ਸੀ ਤਾਂ ਅਚਾਨਕ ਉਸ ਦਾ ਹੱਥ ਟ੍ਰਿਗਰ `ਤੇ ਰੱਖਿਆ ਗਿਆ। ਪੁਲੀਸ ਨੇ ਬੈਂਕ ਮੈਨੇਜਰ ਮੇਜਰ ਸਿੰਘ ਬਿਆਨ ਦਰਜ ਕਰ ਲਏ ਹਨ ਪਰ ਕਿਸੇ `ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। -ਨਿੱਜੀ ਪੱਤਰ ਪ੍ਰੇਰਕ