ਪੱਤਰ ਪ੍ਰੇਰਕ
ਮਾਨਸਾ, 30 ਮਈ
ਸਿੱਧੂ ਮੂਸੇਵਾਲਾ ਦੇ ਵੱਡੀ ਗਿਣਤੀ ’ਚ ਪ੍ਰਸ਼ੰਸਕਾਂ ਤੇ ਪੰਜਾਬੀ ਗਾਇਕੀ ਨਾਲ ਸਬੰਧਤ ਹਸਤੀਆਂ ਨੇ ਅੱਜ ਵੀ ਉਸ ਦੇ ਘਰ ਪੁੱਜ ਕੇ ਪਰਿਵਾਰ ਨਾਲ ਦੁੱਖ ਵੰਡਾਇਆ। ਅੱਜ ਗਾਇਕ ਗੁਰਦਾਸ ਮਾਨ ਤੇ ਮੁਹੰਮਦ ਸਦੀਕ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਗੱਲਬਾਤ ਕਰਦਿਆਂ ਇਸ ਦੁੱਖ ਦੀ ਘੜੀ ਵਿੱਚ ਹਰ ਪੱਖੋਂ ਪਰਿਵਾਰ ਨਾਲ ਖੜ੍ਹੇ ਹੋਣ ਦਾ ਭਰੋਸਾ ਦਿੱਤਾ।
ਇਸ ਮੌਕੇ ਦੋਵੇਂ ਗਾਇਕਾਂ ਨੇ ਨਿੱਤ-ਦਿਨ ਪੰਜਾਬ ਵਿੱਚ ਵਾਪਰ ਰਹੀਆਂ ਹਿੰਸਕ ਘਟਨਾਵਾਂ ’ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਪਹਿਲਾਂ ਹੀ ਵਿਦੇਸ਼ਾਂ ਵੱਲ ਉਡਾਣ ਭਰ ਰਹੀ ਹੈ, ਜੇਕਰ ਅਜਿਹੀਆਂ ਘਟਨਾਵਾਂ ਨੂੰ ਨਾ ਠੱਲ੍ਹਿਆ ਗਿਆ ਤਾਂ ਛੇਤੀ ਹੀ ਸੂਬਾ ਨੌਜਵਾਨਾਂ ਤੋਂ ਵਾਂਝਾ ਹੋ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਪੀੜਤ ਮਾਤਾ-ਪਿਤਾ ਨੂੰ ਇਨਸਾਫ਼ ਦਿਵਾਇਆ ਜਾਵੇ। ਗੁਰਦਾਸ ਮਾਨ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ 11 ਜੂਨ ਨੂੰ ਜਨਮਦਿਨ ਸੀ ਤੇ ਉਨ੍ਹਾਂ ਦਾ ਮਾਨਸਾ ’ਚ 12 ਜੂਨ ਨੂੰ ਸ਼ੋਅ ਸੀ। ਉਨ੍ਹਾਂ ਕਿਹਾ ਕਿ ਸ਼ੋਅ ਤੋਂ ਇੱਕ ਦਿਨ ਪਹਿਲਾਂ 11 ਜੂਨ ਨੂੰ ਇੱਥੇ ਆ ਕੇ ਉਨ੍ਹਾਂ ਸਿੱਧੂ ਮੂਸੇਵਾਲਾ ਨਾਲ ਉਸ ਦਾ ਜਨਮਦਿਨ ਮਨਾਉਣਾ ਸੀ। ਉਨ੍ਹਾਂ ਨੂੰ ਦੁੱਖ ਹੈ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੇ ਜਨਮਦਿਨ ਦੀ ਥਾਂ ਉਸ ਦੇ ਸੱਥਰ ’ਤੇ ਆਉਣਾ ਪਿਆ ਹੈ। ਉਧਰ ਲੱਖਾ ਸਿਧਾਣਾ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਵਿਗੜ ਰਹੇ ਹਾਲਾਤ ਨੂੰ ਕਾਬੂ ਕੀਤਾ ਜਾਵੇ।