ਔਰੰਗਾਬਾਦ, 30 ਜੂਨ
ਮਹਾਰਾਸ਼ਟਰ ਦੇ ਨਾਂਦੇੜ ਸਥਿਤ ਦੋ ਪ੍ਰਮੁੱਖ ਗੁਰਦੁਆਰੇ ਹੁਣ ਕੰਟੇਨਮੈਂਟ ਜ਼ੋਨਾਂ ਦਾ ਹਿੱਸਾ ਨਹੀਂ ਹਨ ਕਿਉਂਕਿ ਪਿਛਲੇ 20 ਦਿਨਾਂ ਦੌਰਾਨ ਖੇਤਰ ’ਚੋਂ ਕੋਵਿਡ-19 ਦਾ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਇਹ ਜਾਣਕਾਰੀ ਜ਼ਿਲ੍ਹਾ ਅਧਿਕਾਰੀ ਨੇ ਦਿੱਤੀ।
ਗੁਰਦੁਆਰੇ ਦੇ ਪ੍ਰਬੰਧਕਾਂ ਅਨੁਸਾਰ ਖੇਤਰ ਨੂੰ ਕੰਟੇਨਮੈਂਟ ਜ਼ੋਨ ’ਚੋਂ ਕੱਢੇ ਜਾਣ ਦੇ ਬਾਵਜੂਦ ਸਰਕਾਰ ਦੇ ਅਗਲੇ ਆਦੇਸ਼ਾਂ ਤੱਕ ਗੁਰਦੁਆਰਾ ਲੰਗਰ ਸਾਹਿਬ ਅਤੇ ਗੁਰਦੁਆਰਾ ਹਜ਼ੂਰ ਸਾਹਿਬ ਦੇ ਦੁਆਰ ਸ਼ਰਧਾਲੂਆਂ ਲਈ ਬੰਦ ਰੱਖੇ ਜਾਣਗੇ। ਦੱਸਣਯੋਗ ਹੈ ਕਿ ਪਹਿਲੀ ਮਈ ਨੂੰ ਨਾਂਦੇੜ ਤੋਂ ਪੰਜਾਬ ਪੁੱਜੇ ਕਰੀਬ 91 ਤੋਂ ਵੱਧ ਲੋਕਾਂ ਦੇ ਕਰੋਨਾਵਾਇਰਸ ਪਾਜ਼ੇਟਿਵ ਪਾਏ ਜਾਣ ਮਗਰੋਂ ਗੁਰਦੁਆਰਾ ਹਜ਼ੂਰ ਸਾਹਿਬ ਨੂੰ ਸੀਲ ਕਰ ਦਿੱਤਾ ਗਿਆ ਸੀ।
ਪੰਜਾਬ ਵਿਚਲੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਨਾਂਦੇੜ ਦੇ ਗੁਰਦੁਆਰਿਆਂ ਤੋਂ ਪਰਤੇ 3,500 ਸ਼ਰਧਾਲੂਆਂ ਵਿੱਚੋਂ 197 ਕਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਸਨ। ਨਾਂਦੇੜ ਦੇ ਕੁਲੈਕਟਰ ਵਿਪਿਨ ਇਟਾਂਕਰ ਨੇ ਦੱਸਿਆ, ‘‘ਗੁਰਦੁਆਰਾ ਹਜ਼ੂਰ ਸਾਹਿਬ, ਜਿਸ ਨੂੰ ਤਖ਼ਤ ਹਜ਼ੂਰ ਸਾਹਿਬ ਸੱਚਖੰਡ ਵੀ ਕਿਹਾ ਜਾਂਦਾ ਹੈ, ਅਤੇ ਗੁਰਦੁਆਰਾ ਲੰਗਰ ਸਾਹਿਬ ਹੁਣ ਕੰਟੇਨਮੈਂਟ ਜ਼ੋਨਾਂ ਨਹੀਂ ਹਨ। ਸਾਨੂੰ ਇਸ ਖੇਤਰ ਵਿੱਚ ਪਿਛਲੇ 20 ਦਿਨਾਂ ਤੋਂ ਕੋਈ ਵੀ ਮਰੀਜ਼ ਨਹੀਂ ਮਿਲਿਆ ਹੈ।’’ -ਪੀਟੀਆਈ