ਮਹਿੰਦਰ ਸਿੰਘ ਰੱਤੀਆਂ
ਮੋਗਾ, 27 ਅਪਰੈਲ
ਸੀਆਈਏ ਸਟਾਫ਼ ਬਾਘਾਪੁਰਾਣਾ ਪੁਲੀਸ ਨੇ ਪਿਛਲੇ ਸਾਲ ਚੰਡੀਗੜ੍ਹ ਵਿੱਚ ਨਾਈਟ ਕਲੱਬ ਦੇ ਬਾਹਰ ਲਾਰੈਂਸ ਬਿਸ਼ਨੋਈ ਦੇ ਸਹਿਯੋਗੀ ਅਤੇ ਸੋਪੂ ਦੇ ਸੂਬਾ ਪ੍ਰਧਾਨ ਗੁਰਲਾਲ ਬਰਾੜ ਦੀ ਹੋਈ ਹੱਤਿਆ ਦੇ ਦੋਸ਼ ਹੇਠ ਮਰਹੂਮ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਦੇ ਮੁੱਖ ਨਿਸ਼ਾਨਚੀ (ਸ਼ੂਟਰ) ਨੂੰ ਸਾਥੀ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਬੇਅੰਤ ਸਿੰਘ ਵਜੋਂ ਹੋਈ ਹੈ, ਜੋ ਬਾਘਾਪੁਰਾਣਾ ਸਬ-ਡਿਵੀਜ਼ਨ ਦੇ ਪਿੰਡ ਮਾੜੀ ਮੁਸਤਫ਼ਾ ਦਾ ਵਸਨੀਕ ਹੈ ਅਤੇ ਫਿਰੌਤੀ, ਡਕੈਤੀ ਸਮੇਤ ਗੁੰਡਾਗਰਦੀ ਦੇ ਕਈ ਹੋਰ ਮਾਮਲਿਆਂ ਵਿੱਚ ਪੰਜਾਬ ਦੇ ਵੱਖ-ਵੱਖ ਥਾਣਿਆਂ ਦੀ ਪੁਲੀਸ ਨੂੰ ਲੋੜੀਂਦਾ ਸੀ। ਬੇਅੰਤ ਸਿੰਘ ਦੇ ਸਾਥੀ ਦੀ ਪਛਾਣ ਸੁਨੀਲ ਕੁਮਾਰ ਉਰਫ਼ ਬਾਬਾ ਮੋਗਾ ਵਜੋਂ ਹੋਈ ਹੈ ਜਿਸ ’ਤੇ 12 ਤੋਂ ਵੱਧ ਗੁੰਡਾਗਰਦੀ ਦੇ ਕੇਸ ਚੱਲ ਰਹੇ ਹਨ। ਦੋਵਾਂ ਮੁਲਜ਼ਮਾਂ ਕੋਲੋਂ ਦੋ .30 ਬੋਰ ਅਤੇ ਤਿੰਨ .32 ਬੋਰ ਸਮੇਤ ਪੰਜ ਪਿਸਤੌਲ ਅਤੇ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗੈਂਗਸਟਰ ਬੇਅੰਤ ਸਿੰਘ ਦੀ ਆਪਣੇ ਪਿੰਡ ਦੇ ਮੌਜੂਦਾ ਸਰਪੰਚ ਨਾਲ ਪੁਰਾਣੀ ਰੰਜਿਸ਼ ਕਾਰਨ ਉਹ ਉਸ ਦਾ ਅਗਲਾ ਨਿਸ਼ਾਨਾ ਸੀ।
ਪੁੱਛ-ਪੜਤਾਲ ਦੌਰਾਨ ਬੇਅੰਤ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਜੈਤੋ ਦੇ ਵਸਨੀਕ ਆਪਣੇ ਸਾਥੀਆਂ ਨੀਰਜ ਅਤੇ ਮਨਦੀਪ ਮੈਂਡੀ ਨਾਲ ਮਿਲ ਕੇ ਬਿਸ਼ਨੋਈ ਗੈਂਗ ਦੇ ਮੈਂਬਰਾਂ ਵੱਲੋਂ 2017 ਵਿੱਚ ਕੋਟਕਪੂਰਾ ਵਿੱਚ ਇੱਕ ਮੇਲੇ ਵਿੱਚ ਮਾਰੇ ਗਏ ਲਵੀ ਦਿਓੜਾ (ਬੰਬੀਹਾ ਸਮੂਹ) ਦੇ ਕਤਲ ਦਾ ਬਦਲਾ ਲੈਣ ਲਈ ਗੁਰਲਾਲ ਬਰਾੜ ਦੀ ਹੱਤਿਆ ਕੀਤੀ ਸੀ। ਇਸ ਮਾਮਲੇ ਸਬੰਧੀ ਸਿਟੀ ਸਾਊਥ ਥਾਣਾ ਮੋਗਾ ਵਿੱਚ ਆਰਮਜ਼ ਐਕਟ ਦੀ ਧਾਰਾ 25 ਅਤੇ ਐੱਨਡੀਪੀਐੱਸ ਐਕਟ ਦੀ 22 ਅਧੀਨ ਕੇਸ ਦਰਜ ਕੀਤਾ ਗਿਆ ਹੈ।