ਫ਼ਤਹਿਗੜ੍ਹ ਸਾਹਿਬ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਸਥਾਨਕ ਬੋਲੀ ਦੀ ਸਾਂਭ-ਸੰਭਾਲ ਲਈ ਗੁਰਮੁਖੀ ਅੱਖਰਕਾਰੀ ਸਿਖਲਾਈ ਕਾਰਜਸ਼ਾਲਾ ਕਰਵਾਈ ਗਈ। ਗੁਰਮੁਖੀ ਅੱਖਰਕਾਰੀ ਦੇ ਮਾਹਿਰ ਮਹਿਤਾਬ ਸਿੰਘ ਅਤੇ ਕਲਮ-ਦਵਾਤ ਦੀ ਟੀਮ ਨੇ ਵਿਦਿਆਰਥੀਆਂ ਨੂੰ ਪੁਰਾਤਨ ਗੁਰਮੁਖੀ ਅੱਖਰ ਸਿਆਹੀ ਤੇ ਕਲਮ ਨਾਲ ਲਿਖਣੇ ਸਿਖਾਏ। ਉਨ੍ਹਾਂ ਵਿਦਿਆਰਥੀਆਂ ਨੂੰ ਅੱਖਰਾਂ ਦੇ ਵਿਭਿੰਨ ਪ੍ਰਚੱਲਿਤ ਰੂਪਾਂ ਦੇ ਨਾਲ-ਨਾਲ ਉਨ੍ਹਾਂ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ। ਮਹਿਤਾਬ ਸਿੰਘ ਨੇ ਅੱਖਰਾਂ ਦੀ ਸੁੰਦਰ ਬਣਤਰ ਦੇ ਨੁਕਤੇ ਵੀ ਸਾਂਝੇ ਕੀਤੇ। ਵਿਭਾਗ ਮੁਖੀ ਡਾ. ਸਿਕੰਦਰ ਸਿੰਘ ਨੇ ਪਹੁੰਚੀ ਟੀਮ ਦਾ ਧੰਨਵਾਦ ਕੀਤਾ। ਵਰਕਸ਼ਾਪ ਵਿਚ ਵੱਖੋ-ਵੱਖਰੇ ਵਿਭਾਗਾਂ ਦੇ ਲਗਪਗ 120 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। -ਨਿੱਜੀ ਪੱਤਰ ਪ੍ਰੇਰਕ