ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਸਤੰਬਰ
ਸਰਕਾਰ ਵੱਲੋਂ ਪਾਬੰਦੀਸ਼ੁਦਾ ਵਿਦੇਸ਼ੀ ਸਿੱਖ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਦੀ ਅੰਮ੍ਰਿਤਸਰ ਅਤੇ ਹਰਦੀਪ ਸਿੰਘ ਨਿੱਝਰ ਦੀ ਜਲੰਧਰ ਵਿੱਚ ਜਾਇਦਾਦ ਜ਼ਬਤ ਕਰਨ ਦੇ ਕੇਂਦਰ ਸਰਕਾਰ ਦੇ ਹੁਕਮਾਂ ਤੋਂ ਬਾਅਦ ਇੱਥੇ ਪ੍ਰਸ਼ਾਸਨ ਹਰਕਤ ’ਚ ਆ ਗਿਆ ਹੈ। ਕੌਮੀ ਜਾਂਚ ਏਜੰਸੀ ਵੱਲੋਂ ਗੁਰਪਤਵੰਤ ਸਿੰਘ ਪੰਨੂੰ ਦੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਾਨਕੋਟ ਵਿੱਚ 46 ਕਨਾਲ ਤੇ 11 ਕਨਾਲ 13 ਮਰਲੇ ਜ਼ਮੀਨ ਪਿੰਡ ਭੈਣੀਵਾਲ ਵਿੱਚ ਦੱਸੀ ਗਈ ਹੈ। ਇਸੇ ਤਰ੍ਹਾਂ ਜਲੰਧਰ ਦੇ ਫਿਲੌਰ ਵਿੱਚ ਨਿੱਝਰ ਦੀ ਮਲਕੀਅਤ ਵਾਲੀ 11 ਕਨਾਲ ਤੇ 13 ਮਰਲੇ ਜ਼ਮੀਨ ਦੱਸੀ ਗਈ ਹੈ। ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਪੁਲੀਸ ਨੇ ਪਹਿਲਾਂ ਹੀ ਭਗੌੜੇ ਅਪਰਾਧੀਆਂ ਦੀ ਜ਼ਮੀਨ ਜ਼ਬਤ ਕਰਨ ਦੀ ਮੁਹਿੰਮ ਵਿੱਢੀ ਹੋਈ ਹੈ ਅਤੇ ਇਸੇ ਤਹਿਤ ਹੀ ‘ਸਿੱਖਸ ਫਾਰ ਜਸਟਿਸ’ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਦੀ ਜਾਇਦਾਦ ਵੀ ਜ਼ਬਤ ਕੀਤੀ ਜਾਵੇਗੀ। ਉਸ ਦੀ 46 ਕਨਾਲ ਵਾਹੀਯੋਗ ਜ਼ਮੀਨ ਪਿੰਡ ਖਾਨਕੋਟ ਅਤੇ 11 ਕਨਾਲ 13 ਮਰਲੇ ਜ਼ਮੀਨ ਪਿੰਡ ਭੈਣੀਵਾਲ ਵਿੱਚ ਹੈ ਜੋ ਸੁਲਤਾਨਵਿੰਡ ਸਬ-ਅਰਬਨ ਇਲਾਕੇ ’ਚ ਆਉਂਦੇ ਹਨ। ਪਿੰਡ ਖਾਨਕੋਟ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਅੱਜ ਤੋਂ ਪਹਿਲਾਂ ਉਨ੍ਹਾਂ ਨੂੰ ਵੀ ਪੰਨੂੰ ਦੀ ਜ਼ਮੀਨ ਬਾਰੇ ਕੋਈ ਜਾਣਕਾਰੀ ਨਹੀਂ ਸੀ। ਅੱਜ ਜਦੋਂ ਮੀਡੀਆ ਨੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਪੰਨੂੰ ਦੀ ਲਗਪਗ 16 ਕਿੱਲੇ ਵਾਹੀਯੋਗ ਜ਼ਮੀਨ ਪਿੰਡ ’ਚ ਹੈ ਅਤੇ ਇਹ ਪਿਛਲੇ 20 ਸਾਲਾਂ ਤੋਂ ਠੇਕੇ ਉਪਰ ਵਾਹੀ ਵਾਸਤੇ ਦਿੱਤੀ ਹੋਈ ਹੈ। ਉਨ੍ਹਾਂ ਆਖਿਆ ਕਿ ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਪਰਿਵਾਰ ਕਦੇ ਪਿੰਡ ਵਿੱਚ ਰਹਿੰਦਾ ਰਿਹਾ ਹੈ ਜਾਂ ਨਹੀਂ। ਪਿੰਡ ਵਿੱਚ ਪੰਨੂ ਦਾ ਕੋਈ ਘਰ ਜਾਂ ਹਵੇਲੀ ਹੋਣ ਸਬੰਧੀ ਪੁੱਛੇ ਸਵਾਲ ਬਾਰੇ ਵੀ ਉਨ੍ਹਾਂ ਅਗਿਆਨਤਾ ਪ੍ਰਗਟ ਕੀਤੀ।
ਫਿਲਹਾਲ ਲਿਖਤੀ ਆਦੇਸ਼ ਨਹੀਂ ਪੁੱਜੇ: ਡੀਸੀ
ਡੀਸੀ ਗੁਰਪ੍ਰੀਤ ਸਿੰਘ ਖਹਿਰਾ ਨੇ ਆਖਿਆ ਕਿ ਫਿਲਹਾਲ ਇਸ ਸਬੰਧੀ ਕੋਈ ਲਿਖਤੀ ਆਦੇਸ਼ ਨਹੀਂ ਪੁੱਜੇ ਹਨ ਅਤੇ ਇਨ੍ਹਾਂ ਹੁਕਮਾਂ ਨੂੰ ਦੇਖਣ ਮਗਰੋਂ ਹੀ ਉਹ ਇਸ ਬਾਰੇ ਕੁਝ ਆਖ ਸਕਦੇ ਹਨ। ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿੱਚ ਕਾਨੂੰਨੀ ਪੱਖਾਂ ਨੂੰ ਦੇਖਣਾ ਪਵੇਗਾ ਅਤੇ ਮਾਲੀਆ ਰਿਕਾਰਡ ਵੀ ਚੈੱਕ ਕਰਨੇ ਪੈਣਗੇ।