ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 19 ਜਨਵਰੀ
ਫੂਲ ਟਾਊਨ ਦੇ ਵਾਰਡ ਨੰਬਰ-1 ਰਸਤਾ ਮੱਲੂਆਣਾ ਵਿੱਚ ਚੋਣ ਪ੍ਰਚਾਰ ਲਈ ਆਏ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਉਸ ਦੇ ਅੰਗ ਰੱਖਿਅਕਾਂ ਨੇ ਕਵਰੇਜ ਕਰ ਰਹੇ ਇੱਕ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਦਲਜੀਤ ਸਿੰਘ ਭੱਟੀ ਨਾਲ ਬਦਸਲੂਕੀ ਕੀਤੀ ਅਤੇ ਉਸ ਦਾ ਮੋਬਾਈਲ ਖੋਹ ਲਿਆ। ਪੱਤਰਕਾਰ ਭੱਟੀ ਨੇ ਦੱਸਿਆ ਕਿ ਵਾਰਡ ਨੰਬਰ-1 ਵਿੱਚ ਸਾਬਕਾ ਮੰਤਰੀ ਕਾਂਗੜ ਚੋਣਾਂ ਸਬੰਧੀ ਰੱਖੇ ਪ੍ਰੋਗਰਾਮ ਵਿੱਚ ਆਏ ਸਨ। ਇਸ ਦੌਰਾਨ ਆਪਣੀਆਂ ਸਬੰਧੀ ਮੁਹੱਲਾ ਵਾਸੀਆਂ ਵੱਲੋਂ ਕਾਂਗੜ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤੇ ਮਾਹੌਲ ਤਲਖ਼ੀ ਵਾਲਾ ਹੋ ਗਿਆ। ਇਸ ਸਮੇਂ ਜਦੋਂ ਪੱਤਰਕਾਰ ਪੂਰੇ ਮਾਮਲੇ ਦੀ ਕਵਰੇਜ ਕਰ ਰਿਹਾ ਸੀ ਤਾਂ ਕਾਂਗੜ ਦੇ ਸੁਰੱਖਿਆ ਮੁਲਾਜ਼ਮਾਂ ਨੇ ਉਸ ਦਾ ਮੋਬਾਈਲ ਖੋਹ ਲਿਆ ਅਤੇ ਕਾਂਗੜ ਨੇ ਉਸ ਨੂੰ ਕਥਿਤ ਤੌਰ ’ਤੇ ‘ਥਾਣੇ ਦੇਖਣ’ ਦੀ ਧਮਕੀ ਦਿੱਤੀ। ਪੱਤਰਕਾਰ ਨੇ ਪੁਲੀਸ ਨੂੰ ਦਰਖਾਸਤ ਦੇ ਦਿੱਤੀ ਹੈ।