ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਅਕਤੂਬਰ
ਪਾਕਿਸਤਾਨ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਗੁਰੂ ਰਾਮਦਾਸ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਰਤ ਵਿੱਚ ਇਹ ਗੁਰਪੁਰਬ 22 ਅਕਤੂਬਰ ਨੂੰ ਮਨਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਕੈਲੰਡਰ ਵਿਵਾਦ ਕਾਰਨ ਸਿੱਖ ਸੰਗਤ ਵਿੱਚ ਲਗਾਤਾਰ ਦੁਬਿਧਾ ਬਣੀ ਹੋਈ ਹੈ। ਮੂਲ ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਰਾਮਦਾਸ ਦਾ ਪ੍ਰਕਾਸ਼ ਪੁਰਬ 9 ਅਕਤੂਬਰ ਨੂੰ ਨਿਰਧਾਰਤ ਹੈ ਜਦਕਿ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਵਿੱਚ ਪ੍ਰਕਾਸ਼ ਪੁਰਬ ਦੀ ਤਰੀਕ ਹਰ ਵਾਰ ਨਿਰਧਾਰਤ ਹੁੰਦੀ ਹੈ ਅਤੇ ਇਸ ਵਾਰ ਇਹ ਗੁਰਪੁਰਬ 22 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਪਾਕਿਸਤਾਨ ਵਿੱਚ ਪੀਐੱਸਜੀਪੀਸੀ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਸਾਰੇ ਦਿਨ ਤਿਉਹਾਰ ਮਨਾਏ ਜਾ ਰਹੇ ਹਨ। ਉਨ੍ਹਾਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਨਹੀਂ ਦਿੱਤੀ ਸੀ। ਇਸ ਕੈਲੰਡਰ ਵਿਵਾਦ ਕਾਰਨ ਹਾਲ ਹੀ ਵਿੱਚ ਗੁਰੂ ਨਾਨਕ ਦੇਵ ਦਾ ਜੋਤੀ-ਜੋਤਿ ਦਿਵਸ ਵੀ ਦੋ ਵਾਰ ਵੱਖ-ਵੱਖ ਤਰੀਕਾਂ ’ਤੇ ਮਨਾਇਆ ਗਿਆ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਵਿੱਚ ਅੱਜ ਗੁਰੂ ਰਾਮਦਾਸ ਦਾ ਪ੍ਰਕਾਸ਼ ਪੁਰਬ ਉਨ੍ਹਾਂ ਦੇ ਜਨਮ ਅਸਥਾਨ ਗੁਰਦੁਆਰਾ ਚੂਨਾ ਮੰਡੀ ਲਾਹੌਰ ਵਿੱਚ ਮਨਾਇਆ। ਇਸ ਸਬੰਧ ’ਚ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਕੀਰਤਨ ਕੀਤਾ ਗਿਆ। ਇਸ ਮੌਕੇ ਪੀਐੱਸਜੀਪੀਸੀ ਦੇ ਪ੍ਰਧਾਨ ਅਮੀਰ ਸਿੰਘ ਤੇ ਹੋਰ ਸਿੱਖ ਆਗੁੂਆਂ ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ।