ਮੁਕੰਦ ਸਿੰਘ ਚੀਮਾ
ਸੰਦੌੜ, 30 ਅਕਤੂਬਰ
ਇੰਗਲੈਂਡ ਵਿੱਚ ਢਾਈ ਮਹੀਨੇ ਪਹਿਲਾਂ ਭੇਤ-ਭਰੀ ਹਾਲਤ ਵਿੱਚ ਮ੍ਰਿਤ ਮਿਲੇ ਪਿੰਡ ਸ਼ੇਰਗੜ੍ਹ ਚੀਮਾ ਦੇ ਨੌਜਵਾਨ ਦੀ ਲਾਸ਼ ਅੱਜ ਪਿੰਡ ਪੁੱਜੀ। ਮਿਲੀ ਜਾਣਕਾਰੀ ਅਨੁਸਾਰ ਗੁਰਵੀਰ ਸਿੰਘ (23) ਪੁੱਤਰ ਰਤਨਦੀਪ ਸਿੰਘ ਇੰਗਲੈਂਡ ਵਿੱਚ 12 ਅਗਸਤ 2024 ਨੂੰ ਭੇਤ-ਭਰੀ ਹਾਲਤ ਵਿੱਚ ਮ੍ਰਿਤ ਮਿਲਿਆ ਸੀ। ਪਿਛਲੇ ਢਾਈ ਮਹੀਨਿਆਂ ਤੋਂ ਸਬੰਧਤ ਪਰਿਵਾਰ ਵੱਲੋਂ ਲਾਸ਼ ਪਿੰਡ ਲਿਆਉਣ ਲਈ ਚਾਰਾਜੋਈ ਕੀਤੀ ਜਾ ਰਹੀ ਸੀ। ਅੱਜ ਲਾਸ਼ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜਣ ਮਗਰੋਂ ਦੁਪਹਿਰ ਵੇਲੇ ਪਿੰਡ ਪੁੱਜੀ। ਇਸ ਦੌਰਾਨ ਮ੍ਰਿਤਕ ਦੇ ਪਿਤਾ ਨੇ ਪੁੱਤਰ ਦੀ ਚਿਖਾ ਨੂੰ ਅਗਨੀ ਦਿਖਾਈ। ਸਸਕਾਰ ਮੌਕੇ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ, ਚੇਅਰਮੈਨ ਕਰਮਜੀਤ ਸਿੰਘ ਕੁਠਾਲਾ, ਯਾਦਵਿੰਦਰ ਸਿੰਘ ਕੈਨੇਡਾ ਅਤੇ ਗੁਰਪ੍ਰੀਤ ਸਿੰਘ ਗੋਗੀ ਯੂਕੇ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਗੁਰਵੀਰ ਸਿੰਘ ਦਸੰਬਰ 2023 ਵਿੱਚ ਇੰਗਲੈਂਡ ਆਪਣੀ ਪਤਨੀ ਕੋਲ ਗਿਆ ਸੀ। ਉਸ ਦੇ ਪਿਤਾ ਰਤਨਦੀਪ ਸਿੰਘ ਨੇ ਦੱਸਿਆ ਕਿ ਗੁਰਵੀਰ ਦਾ ਵਿਆਹ 2023 ਵਿੱਚ ਆਈਲੈਟਸ ਪਾਸ ਕੁੜੀ ਨਾਲ ਹੋਇਆ ਸੀ। ਉਸ ਨੇ ਬੈਂਕ ਅਤੇ ਆੜ੍ਹਤੀਏ ਤੋਂ ਵਿਆਜ ’ਤੇ ਪੈਸੇ ਚੁੱਕ ਕੇ ਨੂੰਹ ਨੂੰ ਇੰਗਲੈਂਡ ਭੇਜਿਆ ਸੀ। ਉੱਥੇ ਜਾ ਕੇ ਉਸ ਦੇ ਪੁੱਤਰ ਦਾ ਆਪਣੀ ਪਤਨੀ ਨਾਲ ਵਿਵਾਦ ਹੋ ਗਿਆ ਜਿਸ ਕਾਰਨ ਗੁਰਵੀਰ ਪ੍ਰੇਸ਼ਾਨ ਰਹਿਣ ਲੱਗਾ। ਇਸ ਦੌਰਾਨ 12 ਅਗਸਤ ਨੂੰ ਉਹ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਮਿਲਿਆ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।