ਜੋਗਿੰਦਰ ਸਿੰਘ ਮਾਨ
ਮਾਨਸਾ, 10 ਦਸੰਬਰ
ਦਿੱਲੀ ਤੋਂ ਰਾਤ ਵੇਲੇ ਮਾਨਸਾ ਦੇ ਰਸਤੇ ਲਾਲਗੜ੍ਹ ਜਾ ਰਹੀ ਅਵਧ-ਅਸਾਮ ਐਕਸਪ੍ਰੈੱਸ (ਗੁਹਾਟੀ ਐਕਸਪ੍ਰੈੱਸ) ਨੂੰ ਰੇਲਵੇ ਲਾਈਨ ਟੁੱਟੀ ਹੋਣ ਕਾਰਨ ਪਿੰਡ ਨਰਿੰਦਰਪੁਰਾ ਨੇੜੇ ਰੋਕ ਲਿਆ ਗਿਆ। ਇਸ ਵਿੱਚ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਸਵਾਰੀਆਂ ਨੂੰ ਕਾਫੀ ਖੁਆਰ ਹੋਣਾ ਪਿਆ ਤੇ ਕਈ ਸਵਾਰੀਆਂ ਹੋਰ ਸਾਧਨਾਂ ਰਾਹੀਂ ਉੱਥੋਂ ਰਵਾਨਾ ਹੋਈਆਂ। ਇਸ ਦੌਰਾਨ ਗੱਡੀ ਦੇਰ ਰਾਤ ਤੱਕ ਸਟੇਸ਼ਨ ’ਤੇ ਖੜ੍ਹੀ ਰਹੀ। ਰੇਲਵੇ ਪੁਲੀਸ ਚੌਕੀ ਮਾਨਸਾ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਰੇਲਵੇ ਲਾਈਨ ਦਾ ਇਕ ਟੁਕੜਾ ਟੁੱਟਿਆ ਹੋਣ ਕਰਕੇ ਗੱਡੀ ਨੂੰ ਰੋਕ ਲਿਆ ਗਿਆ ਹੈ। ਇਸੇ ਤਰ੍ਹਾਂ ਉੱਤਰੀ ਰੇਲਵੇ ਦੇ ਏਰੀਆ ਆਫਿਸ ਮੈਨੇਜਰ ਹਰਮੀਤ ਸਿੰਘ ਨੇ ਕਿਹਾ ਕਿ ਸਰਦੀਆਂ ਵਿੱਚ ਅਕਸਰ ਰੇਲਵੇ ਟਰੈਕ ਸੁੰਗੜ ਜਾਂਦਾ ਹੈ, ਜਿਸ ਨਾਲ ਕਦੇ-ਕਦੇ ਲਾਈਨਾਂ ਵਿਚਕਾਰ ਗੈਪ ਪੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ।ਰੇਲਵੇ ਲਾਈਨ ਟੁੱਟਣ ਦਾ ਪਤਾ ਐਕਸਪ੍ਰੈੱਸ ਦੇ ਚਾਲਕ ਨੂੰ ਉਸ ਵੇਲੇ ਲੱਗਿਆ ਜਦੋਂ ਗੱਡੀ ਨੂੰ ਝਟਕਾ ਲੱਗਿਆ, ਰੋਕਣ ਤੋਂ ਪਤਾ ਲੱਗਿਆ ਕਿ ਰੇਲਵੇ ਲਾਈਨ ਟੁੱਟੀ ਹੋਈ ਹੈ।
ਰੇਲਵੇ ਟਰੈਕ ਦਾ ਟੁੱਟਣਾ ਕੇਂਦਰ ਦੀ ਸਾਜਿਸ਼ ਦਾ ਹਿੱਸਾ: ਸਮਾਉਂ
ਮਾਨਸਾ: ਸੀਪੀਆਈ(ਐੱਮਐੱਲ) ਲਬਿਰੇਸ਼ਨ ਦੇ ਸੂਬਾ ਆਗੂ ਕਾਮਰੇਡ ਭਗਵੰਤ ਸਮਾਉਂ ਅਤੇ ਰੈਡੀਕਲ ਪੀਪਲਜ਼ ਫੋਰਮ ਦੇ ਕੋ-ਕਨਵੀਨਰ ਜਸਪਾਲ ਖੋਖਰ ਨੇ ਕਿਹਾ ਕਿ ਅਵਧ-ਅਸਾਮ ਰੇਲ ਗੱਡੀ ਦੀ ਦਿੱਲੀ ਤੋਂ ਵਾਪਸੀ ਮੌਕੇ ਰੇਲ ਟਰੈਕ ਨੂੰ ਮਾਨਸਾ ਨੇੜੇ ਤੋੜਨ ਨੇ ਸਿੱਧ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਦਿੱਲੀ ਵੱਲ ਕਿਸਾਨਾਂ ਦੇ ਵੱਧ ਰਹੇ ਵੇਗ ਨੂੰ ਰੋਕਣ ਲਈ ਗੈਰਕਾਨੂੰਨੀ ਤਰੀਕੇ ਅਪਣਾ ਰਹੀ ਹੈ। ਆਗੂਆਂ ਨੇ ਕਿਹਾ ਕਿ ਮੋਦੀ ਪੰਜਾਬ ਦੇ ਕਿਸਾਨਾਂ ਦੀ ਦਿੱਲੀ ਵੱਲ ਵਧ ਰਹੀ ਆਮਦ ਨੂੰ ਰੋਕਣ ਲਈ ਹਰ ਤਰ੍ਹਾਂ ਦੇ ਤਰੀਕੇ ਵਰਤ ਰਿਹਾ ਹੈ। ਇਸੇ ਦੀ ਲੜੀ ਤਹਿਤ ਉਸਨੂੰ ਮਾਨਸਾ ਨੇੜੇ ਰੇਲਵੇ ਟਰੈਕ ਤੋੜ ਕੇ ਕਿਸਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ।