ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਮਈ
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਬੰਦ ਪਏ ਫਿਟਨੈੱਸ ਕੇਂਦਰ ਅਤੇ ਜਿਮ ਖੋਲ੍ਹਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਲੌਕਡਾਊਨ ਵਿੱਚ ਸਰਕਾਰ ਵੱਲੋਂ ਫਿਟਨੈੱਸ ਕੇਂਦਰ ਤੇ ਜਿਮ ਬੰਦ ਕਰ ਦਿੱਤੇ ਗਏ ਸਨ। ਇਨ੍ਹਾਂ ਨੂੰ ਖੋਲ੍ਹਣ ਲਈ ਸਰਕਾਰ ਤੱਕ ਆਵਾਜ਼ ਪਹੁੰਚਾਉਣ ਵਾਸਤੇ ਜਿਮ ਮਾਲਕਾਂ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਹੈ।
ਜਿਮ ਮਾਲਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਵੀ ਕਈ ਵਾਰ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਜਿਮ ਖੋਲ੍ਹਣ ਲਈ ਅਪੀਲ ਕੀਤੀ ਹੈ, ਪਰ ਕੋਈ ਸੁਣਵਾਈ ਨਹੀਂ ਹੋਈ। ਵਿਧਾਇਕ ਬੈਂਸ ਨੇ ਦੱਸਿਆ ਕਿ ਬਿਮਾਰੀ ਨਾਲ ਲੜਨ ਲਈ ਮਨੁੱਖ ਦੀ ਸਰੀਰਕ ਸ਼ਕਤੀ ਜ਼ਿਆਦਾ ਹੋਣੀ ਚਾਹੀਦੀ ਹੈ, ਜੋ ਕਸਰਤ ਕਰਨ ਨਾਲ ਹੁੰਦੀ ਹੈ ਪਰ ਸਰਕਾਰ ਨੇ ਜਿਮ ਤੇ ਫਿਟਨੈੱਸ ਕੇਂਦਰ ਬੰਦ ਕਰ ਰੱਖੇ ਹਨ। ਦੂਜੇ ਪਾਸੇ, ਨਸ਼ੇ ਵੱਲ ਧੱਕਣ ਲਈ ਠੇਕੇ ਖੋਲ੍ਹੇ ਹੋਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਕਰੋਨਾ ਦਾ ਕਹਿਰ ਘਟ ਰਿਹਾ ਹੈ, ਇਸ ਕਰ ਕੇ ਜਿਮ ਤੇ ਫਿਟਨੈੱਸ ਸਨਅਤ ਨੂੰ ਬਚਾਉਣ ਲਈ ਇਨ੍ਹਾਂ ਨੂੰ ਖੋਲ੍ਹ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਜਿਮ ਤੇ ਫਿਟਨੈੱਸ ਕੇਂਦਰ ਕਿਰਾਏ ’ਤੇ ਹਨ, ਇਨ੍ਹਾਂ ਨੂੰ ਬਚਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਲੁਧਿਆਣਾ ਵਿੱਚ ਤਾਂ ਇੱਕ ਜਿਮ ਮਾਲਕ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਚੁੱਕਾ ਹੈ। ਵਿਧਾਇਕ ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਚਾਹੇ ਕੁੱਝ ਸ਼ਰਤਾਂ ਲਗਾ ਦੇਵੇ, ਪਰ ਜਲਦ ਤੋਂ ਜਲਦ ਜਿਮ ਤੇ ਫਿਟਨੈੱਸ ਕੇਂਦਰ ਖੋਲ੍ਹੇ ਜਾਣ।