ਮਾਛੀਵਾੜਾ/ਸਮਰਾਲਾ (ਗੁਰਦੀਪ ਸਿੰਘ ਟੱਕਰ/ਡੀ.ਪੀ.ਐੱਸ. ਬੱਤਰਾ/): ਹਲਕਾ ਸਮਰਾਲਾ ਤੋਂ ਚੋਣ ਮੈਦਾਨ ਵਿੱਚ ਨਿੱਤਰੇ ਕਿਸਾਨ ਆਗੂ ਤੇ ਸੰਯੁਕਤ ਸਮਾਜ ਮੋਰਚਾ ਦੇ ਮੁੱਖ ਮੰਤਰੀ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ ਆਪਣੀ ਜ਼ਮਾਨਤ ਬਚਾਉਣ ਵਿੱਚ ਵੀ ਨਾਕਾਮ ਰਹੇ ਹਨ। ਰਾਜੇਵਾਲ ਨੂੰ ਕੁੱਲ 4626 ਵੋਟਾਂ ਪਈਆਂ। ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ ਦਿਆਲਪੁਰਾ ਨੇ ਇਥੋਂ 30,589 ਵੋਟਾਂ ਦੀ ਲੀਡ ਨਾਲ ਇਤਿਹਾਸਕ ਜਿੱਤ ਦਰਜ ਕੀਤੀ ਹੈ। ਹਲਕਾ ਸਮਰਾਲਾ ਵਿਚ ਕੁੱਲ 1,32,736 ਵੋਟਾਂ ਪਈਆਂ ਜਿਸ ਵਿਚੋਂ ‘ਆਪ’ ਉਮੀਦਵਾਰ ਜਗਤਾਰ ਦਿਆਲਪੁਰਾ ਨੂੰ 57,126, ਅਕਾਲੀ ਦਲ ਦੇ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਨੂੰ 26,537 ਅਤੇ ਕਾਂਗਰਸੀ ਉਮੀਦਵਾਰ ਰੁਪਿੰਦਰ ਸਿੰਘ ਰਾਜਾ ਗਿੱਲ ਨੂੰ 23,276 ਵੋਟਾਂ ਪਈਆਂ। ਰਾਜੇਵਾਲ ਨੂੰ ਮਿਲੀ ਕਰਾਰੀ ਹਾਰ ਨਾਲ ਉਨ੍ਹਾਂ ਦੇ ਸਮਰਥਕ ਮਾਯੂਸ ਹਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਰਿੰਦਰ ਸਿੰਘ ਸੇਖੋਂ ਨੂੰ 8,310 ਵੋਟਾਂ ਮਿਲੀਆਂ ਅਤੇ ਕਾਂਗਰਸੀ ਵਿਧਾਇਕ ਰਹੇ ਅਮਰੀਕ ਸਿੰਘ ਢਿੱਲੋਂ, ਜਿਨ੍ਹਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ, ਨੂੰ 7,655 ਵੋਟਾਂ ਮਿਲੀਆਂ। ਭਾਜਪਾ ਗੱਠਜੋੜ ਦੇ ਉਮੀਦਵਾਰ ਰਣਜੀਤ ਸਿੰਘ ਜੀਤਾ ਗਹਿਲੇਵਾਲ ਨੂੰ 2,312 ਵੋਟਾਂ ਤੇ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਡਾ. ਸੋਹਣ ਲਾਲ ਬਲੱਗਣ ਨੂੰ 306 ਵੋਟਾਂ ਪਈਆਂ। ਹਲਕਾ ਸਮਰਾਲਾ ’ਚ ਵਿਧਾਨ ਸਭਾ ਚੋਣਾਂ ਦੌਰਾਨ 937 ਵੋਟਰਾਂ ਨੇ ‘ਨੋਟਾ’ ਦਾ ਬਟਨ ਦਬਾ ਕੇ ਸਾਰੇ ਉਮੀਦਵਾਰਾਂ ਨੂੰ ਨਕਾਰਿਆ।
ਸੰਯੁਕਤ ਸਮਾਜ ਮੋਰਚਾ ਲੜਾਈ ਜਾਰੀ ਰੱਖੇਗਾ: ਰਾਜੇਵਾਲ
ਸਮਰਾਲਾ(ਪੱਤਰ ਪ੍ਰੇਰਕ): ਚੋਣ ਨਤੀਜਿਆਂ ਤੋਂ ਬਾਅਦ ਸੰਯੁਕਤ ਸਮਾਜ ਮੋਰਚੇ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਆਖਿਆ ਹੈ ਕਿ, ਸੂਬੇ ਦੇ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਉਹ ਕਬੂਲ ਕਰਦੇ ਹੋਏ ਪੰਜਾਬ ਦੇ ਲੋਕਾਂ ਦੀ ਲੜਾਈ ਪਹਿਲਾਂ ਵਾਂਗ ਹੀ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਸੂਬੇ ਦੀ ਗੰਧਲੀ ਰਾਜਨੀਤੀ ਨੂੰ ਸਾਫ਼ ਕਰਨ ਲਈ ਹੀ ਮੈਦਾਨ ਵਿੱਚ ਨਿੱਤਰਿਆ ਸੀ, ਉਨ੍ਹਾਂ ਦੇ ਉਮੀਦਵਾਰਾਂ ਨੂੰ ਅਨੇਕਾਂ ਮੁਸ਼ਕਲਾਂ ਵਿੱਚੋਂ ਗੁਜ਼ਰਨਾ ਪਿਆ ਪ੍ਰੰਤੂ ਫਿਰ ਵੀ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਸ਼ੁਰੂ ਕੀਤੀ ਗਈ ਮੁਹਿੰਮ ਤੋਂ ਪਿੱਛੇ ਨਹੀਂ ਹਟਣਗੇ।