ਹਰਪ੍ਰੀਤ ਕੌਰ
ਹੁਸ਼ਿਆਰਪੁਰ, 20 ਦਸੰਬਰ
ਸ਼ਾਮਚੁਰਾਸੀ ਇੱਕ ਪਿੰਡ ਤੋਂ ਕਸਬਾ ਅਤੇ ਕਸਬੇ ਤੋਂ ਫਿਰ ਵਿਧਾਨ ਸਭਾ ਹਲਕਾ ਬਣ ਗਿਆ ਪਰ ਅੱਜ ਵੀ ਇਸ ਦੀ ਪਛਾਣ ਸ਼ਾਮਚੁਰਾਸੀ ਸੰਗੀਤ ਘਰਾਣੇ ਨਾਲ ਹੈ, ਜਿਸ ਦੀ ਸ਼ੁਰੂਆਤ 16ਵੀਂ ਸਦੀ ਵਿੱਚ ਤਾਨਸੇਨ ਦੇ ਸਮਕਾਲੀ ਚਾਂਦ ਖਾਨ ਤੇ ਸੂਰਜ ਖਾਨ ਨੇ ਕੀਤੀ ਸੀ। ਇਸ ਹਲਕੇ ਦੇ ਸਿਰਫ਼ ਛੇ ਫ਼ੀਸਦੀ ਲੋਕ ਸ਼ਹਿਰ ਵਿੱਚ ਵਸੇ ਹਨ, ਜਦਕਿ ਬਾਕੀ ਦੀ ਅਬਾਦੀ ਪਿੰਡਾਂ ਵਿੱਚ ਵਸਦੀ ਹੈ। ਇਸ ਰਾਖਵੇਂ ਹਲਕੇ ਵਿੱਚ ਲਗਭਗ 46 ਫੀਸਦੀ ਲੋਕ ਐੱਸਸੀ ਬਰਾਦਰੀ ਨਾਲ ਸਬੰਧਤ ਹਨ। ਇਸ ਵੇਲੇ ਇੱਥੋਂ ਦੇ ਸਿਆਸੀ ਹਾਲਾਤ ਕਾਫ਼ੀ ਪੇਚੀਦਾ ਹਨ। ਕਾਂਗਰਸ ਨੇ ਅਜੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਪਰ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ (ਸੰਯੁਕਤ) ਉਮੀਦਵਾਰ ਖੜ੍ਹੇ ਕਰ ਚੁੱਕੇ ਹਨ। ਆਮ ਆਦਮੀ ਪਾਰਟੀ ਵੱਲੋਂ ਡਾ. ਰਵਜੋਤ ਸਿੰਘ ਅਤੇ ਅਕਾਲੀ ਦਲ (ਸੰਯੁਕਤ) ਵੱਲੋਂ ਸਾਬਕਾ ਪਾਰਲੀਮਾਨੀ ਸਕੱਤਰ ਦੇਸ ਰਾਜ ਧੁੱਗਾ ਚੋਣ ਲੜਨਗੇ। ਧੁੱਗਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਗੜ੍ਹਦੀਵਾਲਾ ਅਤੇ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਚੁਣੇ ਜਾ ਚੁੱਕੇ ਹਨ। ਭਾਜਪਾ ਨਾਲ ਗੱਠਜੋੜ ਟੁੱਟਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਇਹ ਸੀਟ ਬਹੁਜਨ ਸਮਾਜ ਪਾਰਟੀ ਨੂੰ ਦੇ ਦਿੱਤੀ ਹੈ, ਜਿਸ ਨੇ ਮਹਿੰਦਰ ਸਿੰਘ ਸੰਧਰ ਨੂੰ ਮੈਦਾਨ ’ਚ ਉਤਾਰਿਆ ਹੈ। ਅਕਾਲੀ ਦਲ ਦੇ ਫ਼ੈਸਲੇ ਤੋਂ ਨਾਰਾਜ਼ ਸਾਬਕਾ ਵਿਧਾਇਕ ਮਹਿੰਦਰ ਕੌਰ ਜੋਸ਼ ਆਜ਼ਾਦ ਤੌਰ ’ਤੇ ਚੋਣ ਲੜਨ ਦੀਆਂ ਤਿਆਰੀਆਂ ਕਰ ਰਹੇ ਹਨ।
ਹਲਕਾ ਵਿਧਾਇਕ ਪਵਨ ਕੁਮਾਰ ਆਦੀਆ ਦੀ ਸਭ ਤੋਂ ਵੱਡੀ ਪ੍ਰਾਪਤੀ ਢੋਲਬਾਹਾ ਵਿੱਚ ਸਰਕਾਰੀ ਡਿਗਰੀ ਕਾਲਜ ਦੀ ਸਥਾਪਨਾ ਕਰਾਉਣੀ ਰਹੀ ਹੈ। ਇਹ ਇਲਾਕੇ ਦਾ ਇੱਕੋ-ਇਕ ਕਾਲਜ ਹੈ, ਜਿਸ ਦਾ ਫ਼ਾਇਦਾ ਕੰਢੀ ਖੇਤਰ ਦੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਹੋਵੇਗਾ। ਇਸ ਦਾ ਵਿਧੀਵਤ ਉਦਘਾਟਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਉਂਦੇ ਕੁਝ ਦਿਨਾਂ ’ਚ ਕਰ ਸਕਦੇ ਹਨ। ਇਹ ਕਾਲਜ ਮਹਾਰਾਣਾ ਪ੍ਰਤਾਪ ਦੇ ਨਾਂ ’ਤੇ ਬਣਾਇਆ ਗਿਆ ਹੈ। ਇਲਾਕਾ ਵਾਸੀਆਂ ਦੀ ਸਬ-ਤਹਿਸੀਲ ਦੀ ਮੰਗ ਵੀ ਪੂਰੀ ਹੋ ਗਈ ਹੈ। ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਡਾ. ਬੀ.ਆਰ ਅੰਬੇਡਕਰ ਦੇ ਨਾਂ ’ਤੇ ਇਕ ਸਟੇਡੀਅਮ ਵੀ ਬਣਾਇਆ ਗਿਆ। ਬੱਸ ਅੱਡੇ ’ਤੇ ਕੰਮ ਚੱਲ ਰਿਹਾ ਹੈ। ਕਸਬਾ ਹਰਿਆਣਾ ਵਿੱਚ ਸੀਵਰੇਜ ਪਾਉਣ ਦਾ ਕੰਮ ਕੀਤਾ ਗਿਆ ਹੈ। ਆਦੀਆ ਨੇ ਦਾਅਵਾ ਕੀਤਾ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਸੜਕਾਂ ਦਾ ਜਾਲ ਵਿਛਾ ਦਿੱਤਾ। ਸਟਰੀਟ ਲਾਈਟਾਂ ’ਤੇ ਚਾਰ ਕਰੋੜ ਰੁਪਏ ਖਰਚੇ ਅਤੇ 54 ਲੱਖ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਸੈਂਟਰ ਬਣਾਇਆ। ਉਨ੍ਹਾਂ ਦੱਸਿਆ ਕਿ ਕੰਢੀ ਦੇ ਪਿੰਡਾਂ ਨੂੰ ਸਿੰਜਾਈ ਸਹੂਲਤਾਂ ਦੇਣ ਲਈ 57 ਟਿਊਬਵੈੱਲ ਚੱਲ ਰਹੇ ਹਨ ਤੇ 8 ਕੁਨੈਕਸ਼ਨ ਹੋਰ ਦਿੱਤੇ ਜਾ ਰਹੇ ਹਨ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਵਜੋਤ ਸਿੰਘ ਜੋ ਪਿਛਲੀ ਵਾਰ ਦੂਜੇ ਨੰਬਰ ’ਤੇ ਰਹੇ ਸਨ, ਇਸ ਵਾਰ ਫਿਰ ਮੈਦਾਨ ’ਚ ਹਨ। ਡਾ. ਰਵਜੋਤ ਨੇ ਦੋਸ਼ ਲਗਾਇਆ ਕਿ ਸਿਆਸੀ ਮਿਲੀਭੁਗਤ ਕਾਰਨ ਹਲਕੇ ਵਿੱਚ ਨਸ਼ੇ ਦਾ ਨਾਜਾਇਜ਼ ਕਾਰੋਬਾਰ ਜ਼ੋਰਾਂ ’ਤੇ ਹੈ। ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਵਿਕਾਸ ਦੇ ਨਾਂ ’ਤੇ ਦਿੱਤੇ ਚੈੱਕ ਡਰਾਵਾ ਦੇ ਕੇ ਬਾਅਦ ਵਿੱਚ ਵਾਪਸ ਲੈ ਲਏ ਜਾਂਦੇ ਹਨ।
ਅਕਾਲੀ ਦਲ (ਸੰਯੁਕਤ) ਦੇ ਉਮੀਦਵਾਰ ਦੇਸ ਰਾਜ ਧੁੱਗਾ ਨੇ ਕਿਹਾ ਕਿ ਢੋਲਬਾਹਾ ਕਾਲਜ ਤਾਂ ਬਣਾ ਦਿੱਤਾ ਗਿਆ ਹੈ ਪਰ ਉੁੱਥੇ ਜਾਣ ਨੂੰ ਕੋਈ ਸਾਧਨ ਨਹੀਂ। ਉਨ੍ਹਾਂ ਕਿਹਾ ਕਿ ਮੌਜੂਦਾ ਵਿਧਾਇਕ ਨੇ ਕੋਈ ਸਕੂਲ ਜਾਂ ਡਿਸਪੈਂਸਰੀ ਅੱਪਗ੍ਰੇਡ ਨਹੀਂ ਕਰਵਾਈ। ਹਰਿਆਣਾ ਦਾ ਹਸਪਤਾਲ ਇਕ ਤਰ੍ਹਾਂ ਨਾਲ ਬੰਦ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਲਕੇ ਦੇ ਵਿਕਾਸ ਲਈ ਕੁਝ ਨਹੀਂ ਕੀਤਾ, ਬਲਕਿ 14ਵੇਂ ਵਿੱਤ ਕਮਿਸ਼ਨ ਦੇ ਪੈਸੇ ਹੀ ਸਰਪੰਚਾਂ ਦੇ ਖਾਤਿਆਂ ’ਚ ਪਾਏ ਗਏ ਹਨ।