ਗਗਨਦੀਪ ਅਰੋੜਾ
ਲੁਧਿਆਣਾ, 19 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਥੇ ਅੱਜ ਵੇਰਕਾ ਪਲਾਂਟ ’ਚ ਨਵੇਂ ਬਣੇ ਮਿਲਕ ਪ੍ਰੋਸੈਸਿੰਗ ਤੇ ਬਟਰ ਪਲਾਂਟ ਦਾ ਉਦਘਾਟਨ ਕੀਤਾ। ਉਨ੍ਹਾਂ ਆਖਿਆ ਕਿ ‘ਆਪ’ ਸਰਕਾਰ ਰਾਜ ਦੀ ਮੋਹਰੀ ਸਹਿਕਾਰੀ ਸੰਸਥਾ ਮਿਲਕਫੈੱਡ ਦੀ ਦਿੱਲੀ ਨੂੰ ਹੁੰਦੀ ਦੁੱਧ ਦੀ ਸਪਲਾਈ 30 ਹਜ਼ਾਰ ਲਿਟਰ ਤੋਂ ਵਧਾ ਕੇ ਦੋ ਲੱਖ ਲਿਟਰ ਕਰਨ ਲਈ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਕਿ ਪੰਜਾਬ ਦੇ ਦੁੱਧ ਉਤਪਾਦਕਾਂ ਨੂੰ ਵੱਡਾ ਲਾਭ ਮਿਲ ਸਕੇ। ਭਗਵੰਤ ਮਾਨ ਨੇ ਐਲਾਨ ਕੀਤਾ ਕਿ ਉਹ ਕੋਸ਼ਿਸ਼ ਕਰਨਗੇ ਕਿ ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰੱਖਿਆ ਜਾਵੇ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਦੁੱਧ ਸਪਲਾਈ ਲਈ ਦਿੱਲੀ ਸਰਕਾਰ ਨਾਲ ਸਮਝੌਤਾ ਕੀਤਾ ਹੈ, ਜਿਸ ਤਹਿਤ ਵੇਰਕਾ ਆਪਣੇ ਉਤਪਾਦਾਂ ਦੀ ਸਪਲਾਈ ਲਈ ਦਿੱਲੀ ਦੇ ਹਰ ਕੋਨੇ ਵਿੱਚ ਨਵੇਂ ਬੂਥ ਖੋਲ੍ਹੇਗਾ। ਭਗਵੰਤ ਮਾਨ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਮੰਤਵ ਪੰਜਾਬ ਦੇ ਡੇਅਰੀ ਕਿਸਾਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਅਤੇ ਵਧੀਆ ਭਾਅ ਦੇਣਾ ਹੈ। ਸ੍ਰੀ ਮਾਨ ਨੇ ਮਿਲਕਫੈੱਡ ਨੂੰ ਦੇਸ਼-ਵਿਦੇਸ਼ ਵਿੱਚ ਖ਼ਪਤ ਮੰਡੀ ਦੇ ਵੱਡੇ ਹਿੱਸੇ ਨੂੰ ਆਪਣੀਆਂ ਸੇਵਾਵਾਂ ਮੁਹੱਈਆ ਕਰਨ ਲਈ ਵਧੀਆ ਮਾਰਕੀਟਿੰਗ ਮੁਹਿੰਮ ਸ਼ੁਰੂ ਕਰਨ ਲਈ ਆਖਿਆ।
ਲੁਧਿਆਣਾ ਸ਼ਹਿਰ ਨਾਲ ਭਾਵੁਕ ਸਾਂਝ ਪਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇ ਪਿੰਡ ਸਤੌਜ ਉਨ੍ਹਾਂ ਦੀ ਜਨਮ ਭੂਮੀ ਹੈ ਤਾਂ ਲੁਧਿਆਣਾ ਉਨ੍ਹਾਂ ਦੀ ਕਰਮ ਭੂਮੀ ਹੈ। ਉਨ੍ਹਾਂ ਕਿਹਾ ਕਿ ਅੱਜ ਜਿਸ ਪਲਾਂਟ ਦਾ ਉਦਘਾਟਨ ਕੀਤਾ ਹੈ, ਇਹ ਅਤਿ ਆਧੁਨਿਕ ਪ੍ਰਾਜੈਕਟ ਕਿਸਾਨਾਂ ਲਈ ਦੀਵਾਲੀ ਦਾ ਤੋਹਫ਼ਾ ਹੈ, ਕਿਉਂਕਿ 105 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਇਸ ਪਲਾਂਟ ਦੀ ਦੁੱਧ ਦੀ ਪ੍ਰੋਸੈਸਿੰਗ ਸਮਰੱਥਾ ਰੋਜ਼ਾਨਾ 9 ਲੱਖ ਲਿਟਰ ਅਤੇ ਮੱਖਣ ਦੀ ਸਮਰੱਥਾ 10 ਮੀਟਰਿਕ ਟਨ ਦੀ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਸੱਦਾ ਦਿੱਤਾ।
ਕਾਲੀਆਂ ਪੱਗਾਂ ਤੇ ਕਮੀਜ਼ਾਂ ਵਾਲਿਆਂ ਨੂੰ ਸਮਾਗਮ ਦੇ ਬਾਹਰ ਰੋਕਿਆ
ਲੁਧਿਆਣਾ: ਵੇਰਕਾ ਮਿਲਕ ਪਲਾਂਟ ਵਿੱਚ ਬਟਰ ਪਲਾਂਟ ਦੇ ਉਦਘਾਟਨ ਲਈ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਰੱਖਿਆ ਵਿੱਚ ਤਾਇਨਾਤ ਮੁਲਾਜ਼ਮਾਂ ਨੇ ਅੱਜ ਸਮਾਗਮ ’ਚ ਕਿਸੇ ਵੀ ਵਿਅਕਤੀ ਨੂੰ ਕਾਲੀ ਪੱਗ, ਟੋਪੀ ਜਾਂ ਫਿਰ ਕਮੀਜ਼ ਪਾ ਕੇ ਅੰਦਰ ਨਹੀਂ ਜਾਣ ਦਿੱਤਾ। ਸਾਰਿਆਂ ਨੂੰ ਬਾਹਰ ਹੀ ਰੋਕ ਲਿਆ ਜਾਂਦਾ ਸੀ ਤੇ ਉਨ੍ਹਾਂ ਨੂੰ ਕਾਲੇ ਕੱਪੜੇ ਬਦਲ ਕੇ ਆਉਣ ਲਈ ਕਿਹਾ ਗਿਆ। ਇਸ ਦੌਰਾਨ ਕਿਸਾਨਾਂ ਵਿਚੋਂ ਕੁਝ ਕੁ ਦੀਆਂ ਪੱਗਾਂ ਵੀ ਬਾਹਰ ਹੀ ਉਤਰਵਾ ਦਿੱਤੀਆਂ ਗਈਆਂ, ਜਿਸ ’ਤੇ ਕਿਸਾਨਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਖਿਲਾਫ਼ ਰੋਸ ਦੇਖਿਆ ਗਿਆ। ਇਸੇ ਤਰ੍ਹਾਂ ਕਾਲੀ ਪੱਗ ਵਾਲੇ ਵੇਰਕਾ ਮਿਲਕ ਪਲਾਂਟ ਦੇ ਵਰਕਰਾਂ ਨੂੰ ਵੀ ਸਮਾਗਮ ’ਚ ਨਹੀਂ ਜਾਣ ਦਿੱਤਾ ਗਿਆ।