ਪੱਤਰ ਪ੍ਰੇਰਕ
ਮਾਨਸਾ, 13 ਨਵੰਬਰ
ਇੱਥੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਪੈਟਰੋਲ ਪੰਪ ’ਤੇ ਅੱਧੀ ਰਾਤ ਨੂੰ ਸੁੱਟੇ ਹੈਂਡ ਗ੍ਰਨੇਡ ਅਤੇ ਫਿਰੌਤੀ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਸ਼ਿਮਲਾ ਸਿੰਘ ਨੂੰ ਇੱਥੋਂ ਦੀ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਦੌਰਾਨ ਮੁਲਜ਼ਮ ਨੂੰ ਤਿੰਨ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲੀਸ ਅਨੁਸਾਰ ਮਾਨਸਾ ’ਚ ਸਿਰਸਾ ਰੋਡ ’ਤੇ ਸਥਿਤ ਜੀਓ ਪੈਟਰੋਲ ਪੰਪ ’ਤੇ ਹੈਂਡ ਗ੍ਰਨੇਡ ਸੁੱਟਣ ਵਾਲਾ ਸ਼ਿਮਲਾ ਸਿੰਘ ਗੈਂਗਸਟਰ ਤੋਂ ਅਤਿਵਾਦੀ ਬਣੇ ਅਰਸ਼ ਡੱਲਾ ਲਈ ਕੰਮ ਕਰਦਾ ਸੀ। ਉਹ ਮਾਨਸਾ ਨੇੜਲੇ ਪਿੰਡ ਘਰਾਂਗਣਾ ਦਾ ਰਹਿਣ ਵਾਲਾ ਹੈ। ਅੱਜ ਥਾਣਾ ਸਿਟੀ-1 ਮਾਨਸਾ ਦੀ ਪੁਲੀਸ ਵੱਲੋਂ ਸ਼ਿਮਲਾ ਸਿੰਘ ਨੂੰ ਅਦਾਲਤ ’ਚ ਪੇਸ਼ ਕਰਕੇ ਉਸ ਦਾ ਤਿੰਨ ਦਿਨ ਲਈ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਾਨਸਾ ਦੀ ਅਦਾਲਤ ’ਚੋਂ ਲਿਜਾਇਆ ਗਿਆ।