ਜਲੰਧਰ (ਪਾਲ ਸਿੰਘ ਨੌਲੀ): ਟੋਕੀਓ ਓਲੰਪਿਕ ਵਿੱਚ ਖੇਡ ਰਹੇ ਭਾਰਤੀ ਹਾਕੀ ਟੀਮ ਵਿੱਚ ਸ਼ਾਮਲ ਜਲੰਧਰ ਦੇ ਖਿਡਾਰੀਆਂ ਦੀ ਚਰਚਾ ਦੁਨੀਆਂ ਭਰ ਵਿੱਚ ਹੋ ਰਹੀ ਹੈ। ਭਾਰਤੀ ਹਾਕੀ ਟੀਮ ਨੇ ਇੰਗਲੈਂਡ ਦੀ ਟੀਮ ਨੂੰ 3-1 ਨਾਲ ਹਰਾ ਕੇ ਆਪਣੀ ਥਾਂ ਪਹਿਲੀਆਂ ਚਾਰ ਟੀਮਾਂ ਵਿੱਚ ਬਣਾ ਲਈ ਹੈ। ਇਨ੍ਹਾਂ ਕੀਤੇ ਗਏ ਤਿੰਨ ਗੋਲਾਂ ਵਿੱਚ ਜਲੰਧਰ ਦੇ ਹਾਰਦਿਕ ਸਿੰਘ ਨੇ ਵੀ ਇੱਕ ਗੋਲ ਕੀਤਾ ਹੈ। ਮੈਚ ਵਿੱਚ ਜਿੱਤ ਦੀ ਖਬਰ ਮਿਲਦਿਆਂ ਹੀ ਹਾਰਦਿਕ ਦੇ ਪਿਤਾ ਵਰਿੰਦਰਜੀਤ ਸਿੰਘ ਨੇ ਕਿਹਾ ਕਿ ਸਮੁੱਚੀ ਹਾਕੀ ਟੀਮ ਵੱਲੋਂ ਚਾਰ ਦਹਾਕਿਆਂ ਮਗਰੋਂ ਰਚੇ ਇਤਿਹਾਸ ਤੋਂ ਉਹ ਬਹੁਤ ਖੁਸ਼ ਹਨ ਜਿਸ ਵਿੱਚ ਹਾਰਦਿਕ ਸਿੰਘ ਨੇ ਵੀ ਯੋਗਦਾਨ ਪਾਇਆ ਹੈ। ਓਲੰਪਿਕ ਖੇਡਾਂ ਵਿੱਚ ਹਾਕੀ ਟੀਮ ਦੀ ਦੋ ਵਾਰ ਕਪਤਾਨੀ ਕਰਨ ਵਾਲੇ ਸਾਬਕਾ ਖਿਡਾਰੀ ਤੇ ਵਿਧਾਇਕ ਪਰਗਟ ਸਿੰਘ ਨੇ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਫੇਸਬੁੱਕ ਪੇਜ਼ ’ਤੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ ਹੈ। ਉਨ੍ਹਾਂ ਕਿਹਾ ਕਿ 1972 ਦੀ ਓਲੰਪਿਕ ਵਿੱਚ ਹਾਕੀ ਟੀਮ ਸੈਮੀ-ਫਾਈਨਲ ਵਿੱਚ ਪਹੁੰਚੀ ਸੀ ਅਤੇ ਹੁਣ 40 ਸਾਲਾਂ ਬਾਅਦ ਇਤਿਹਾਸ ਦੁਹਰਾਇਆ ਗਿਆ ਹੈ।