ਦਲੇਰ ਸਿੰਘ ਚੀਮਾ
ਭੁਲੱਥ, 4 ਮਾਰਚ
ਯੂਕਰੇਨ ਦੇ ਸ਼ਹਿਰ ਖਾਰਕੀਵ ਦੀ ਯੂਨੀਵਰਸਿਟੀ ਵਿੱਚ ਐੱਮਬੀਬੀਐੱਸ ਦੀ ਦੂਜੇ ਸਾਲ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਦੇ ਅੱਜ ਸੁੱਖੀ-ਸਾਂਦੀ ਆਪਣੇ ਨਡਾਲਾ ਸਥਿਤ ਘਰ ਵਾਪਸ ਪਹੁੰਚਣ ’ਤੇ ਖੁਸ਼ੀ ਦਾ ਮਾਹੌਲ ਹੈ। ਕੋਮਲਪ੍ਰੀਤ ਕੌਰ ਨੇ ਦੱਸਿਆ ਕਿ ਜਿਸ ਦਿਨ ਲੜਾਈ ਲੱਗੀ ਉਸ ਦਿਨ ਤੋਂ ਹੀ ਮੈਟਰੋ ਸਟੇਸ਼ਨ ਦੇ ਬੰਕਰ ਵਿੱਚ 150 ਦੇ ਕਰੀਬ ਸਾਥੀਆਂ ਨਾਲ ਰਹਿ ਰਹੀ ਸੀ। ਉਸ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਪੈਦਲ ਤੇ ਬੱਸਾਂ ਰਾਹੀਂ ਸਫ਼ਰ ਕਰਦਿਆਂ ਹੋਇਆਂ ਲਵੀਵ ਤੋਂ ਹੋਰ ਬਾਰਡਰਾਂ ਰਾਹੀਂ ਹੁੰਦਿਆਂ ਉਨ੍ਹਾਂ ਨੂੰ ਹੰਗਰੀ ਵੱਲੋਂ ਇਕ ਦਿਨ ਬਾਅਦ ਦਾਖ਼ਲਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਕ ਦਿਨ ਮੈਟਰੋ ਸਟੇਸ਼ਨ ’ਤੇ ਪਾਣੀ ਤੇ ਖਾਣੇ ਤੋਂ ਬਿਨਾਂ ਕੱਢਿਆ। ਉਸ ਦਿਨ ਇਕ ਯੂਕਰੇਨੀ ਪਰਿਵਾਰ ਨੇ ਪੰਜ ਜਣਿਆਂ ਨੂੰ ਦੋ ਕੇਲੇ ਦਿੱਤੇ ਜਿਸ ਨਾਲ ਉਨ੍ਹਾਂ ਨੇ ਸਾਰਾ ਦਿਨ ਕੱਢਿਆ।
ਕੋਮਲਪ੍ਰੀਤ ਕੌਰ ਨੇ ਦੱਸਿਆ ਹੰਗਰੀ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ। ਉਨ੍ਹਾਂ ਨੂੰ ਖਾਣਾ ਤੇ ਰਿਹਾਇਸ਼ ਦਿੱਤੀ ਗਈ ਤੇ ਉਥੋਂ ਭਾਰਤ ਸਰਕਾਰ ਵੱਲੋਂ ਬੱਸਾਂ ਰਾਹੀਂ ਬੁਡਾਪੈਸਟ ਏਅਰਪੋਰਟ ’ਤੇ ਇੰਡੀਗੋ ਦੀ ਫਲਾਈਟ ਰਾਹੀਂ ਦਿੱਲੀ ਲਿਆਂਦਾ ਗਿਆ। ਇਸ ਮੌਕੇ ਉਸ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਖਾਰਕੀਵ ਤੇ ਹੋਰ ਸ਼ਹਿਰਾਂ ਵਿੱਚ ਬਹੁਤ ਸਾਰੇ ਵਿਦਿਆਰਥੀ ਫਸੇ ਹੋਏ ਹਨ, ਜਿਨ੍ਹਾਂ ਕੋਲ ਖਾਣਾ ਤੇ ਖਰਚਾ ਨਹੀਂ ਹੈ, ਉਨ੍ਹਾਂ ਦੀ ਮਦਦ ਕਰਕੇ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇ। ਕੋਮਲਪ੍ਰੀਤ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਉਨ੍ਹਾਂ ਦੀ ਧੀ ਵਾਪਸ ਆਉਣ ’ਤੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਸਰਕਾਰ, ਮੀਡੀਆ ਤੇ ਸਿਆਸੀ ਆਗੂਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਦੁੱਖ ਦੀ ਘੜੀ ਵਿੱਚ ਮਦਦ ਕੀਤੀ ਹੈ।