ਨਵੀਂ ਦਿੱਲੀ, 7 ਜੂਨ
ਉੱਘੇ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਅੱਜ ਆਪਣੀ ਉਸ ਸੋਸ਼ਲ ਮੀਡੀਆ ਪੋਸਟ ਲਈ ਬਿਨਾਂ ਸ਼ਰਤ ਮੁਆਫ਼ੀ ਮੰਗੀ ਹੈ ਜਿਸ ਵਿਚ ਉਨ੍ਹਾਂ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਸ਼ੇਅਰ ਕੀਤੀ ਸੀ। ਹਰਭਜਨ ਨੇ ਕਿਹਾ ਕਿ ਉਨ੍ਹਾਂ ‘ਅਪਰੇਸ਼ਨ ਬਲੂਸਟਾਰ’ ਦੀ 37ਵੀਂ ਵਰ੍ਹੇਗੰਢ ਮੌਕੇ ਇਕ ਵਟਸਐਪ ਫਾਰਵਰਡ ਸ਼ੇਅਰ ਕਰ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਹਰਭਜਨ ਨੇ ਕਿਹਾ ਕਿ ਉਸ ਨੂੰ ਇਲ ਗੱਲ ਦਾ ਇਲਮ ਨਹੀਂ ਸੀ ਕਿ ਤਸਵੀਰ ਭਿੰਡਰਾਂਵਾਲੇ ਦੀ ਹੈ। ਹਰਭਜਨ ਨੇ ਮੁਆਫ਼ੀ ਮੰਗਦਿਆਂ ਕਿਹਾ ‘ਮੈਂ ਕਾਹਲੀ ਵਿਚ ਪੋਸਟ ਕਰ ਦਿੱਤੀ ਤੇ ਕੰਟੈਂਟ ਉਤੇ ਧਿਆਨ ਨਹੀਂ ਦਿੱਤਾ ਕਿ ਇਹ ਕਿਸ ਗੱਲ ਦੀ ਤਰਜਮਾਨੀ ਕਰਦਾ ਹੈ। ਇਹ ਮੇਰੀ ਗ਼ਲਤੀ ਸੀ ਤੇ ਮੈਂ ਮੰਨਦਾ ਹਾਂ। ਕਿਸੇ ਵੀ ਪੱਧਰ ’ਤੇ ਮੈਂ ਪੋਸਟ ਨਾਲ ਜੁੜੇ ਵਿਚਾਰਾਂ ਦੀ ਹਮਾਇਤ ਨਹੀਂ ਕਰਦਾ, ਨਾ ਹੀ ਉਨ੍ਹਾਂ ਦੀ ਜਿਨ੍ਹਾਂ ਦੀ ਤਸਵੀਰ ਉੱਥੇ ਮੌਜੂਦ ਸੀ। ਮੈਂ ਸਿੱਖ ਹਾਂ ਤੇ ਭਾਰਤ ਲਈ ਲੜਾਂਗਾ, ਭਾਰਤ ਦੇ ਵਿਰੁੱਧ ਨਹੀਂ।’ ਹਰਭਜਨ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਉਹ ਮੁਆਫ਼ੀ ਮੰਗਦਾ ਹੈ। ਉਸ ਨੇ ਕਿਹਾ ਕਿ ਭਾਵੇਂ ਕੋਈ ਹੋਰ ਵੀ ਦੇਸ਼ ਵਿਰੋਧੀ ਗਰੁੱਪ ਹੋਵੇ, ਉਹ ਕਦੇ ਵੀ ਉਸ ਦੀ ਹਮਾਇਤ ਨਹੀਂ ਕਰਨਗੇ।’ ਕ੍ਰਿਕਟਰ ਨੇ ਕਿਹਾ ਕਿ ਉਸ ਨੇ 20 ਸਾਲ ਭਾਰਤ ਲਈ ਆਪਣਾ ਖ਼ੂਨ-ਪਸੀਨਾ ਵਹਾਇਆ ਹੈ ਤੇ ਭਾਰਤ ਵਿਰੋਧੀ ਕਿਸੇ ਵੀ ਗੱਲ ਦੀ ਕਦੇ ਹਮਾਇਤ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਹਰਭਜਨ ਸਿੰਘ ਨੇ ਭਾਰਤ ਲਈ 103 ਟੈਸਟ ਮੈਚ ਖੇਡੇ ਹਨ ਤੇ 417 ਵਿਕਟਾਂ ਲਈਆਂ ਹਨ। -ਪੀਟੀਆਈ