ਮਨੋਜ ਸ਼ਰਮਾ
ਬਠਿੰਡਾ, 4 ਦਸੰਬਰ
ਪੰਜਾਬੀ ਗਾਇਕ ਹਰਭਜਨ ਮਾਨ ਨੇ ਅੱਜ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਸ ਨੂੰ ਦਿੱਤਾ ਗਿਆ ਸ਼੍ਰੋਮਣੀ ਪੰਜਾਬੀ ਗਾਇਕ ਐਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੇ ਇਹ ਫ਼ੈਸਲਾ ਕਿਸਾਨ ਅੰਦੋਲਨ ਦੀ ਹਮਾਇਤ ਵਜੋਂ ਕੀਤਾ ਹੈ। ਅੱਜ ਹਰਭਜਨ ਮਾਨ ਨੇ ਆਪਣੇ ਫੇਸਬੁੱਕ ਪੇਜ ’ਤੇ ਸ਼੍ਰੋਮਣੀ ਪੁਰਸਕਾਰ ਕਮੇਟੀ ਦਾ ਧੰਨਵਾਦ ਕਰਦਿਆਂ ਲਿਖਿਆ ਹੈ ਕਿ ਉਹ ਧੰਨਵਾਦੀ ਹੈ ਜਿਨ੍ਹਾਂ ਉਸ ਨੂੰ ਇਸ ਪੁਰਸਕਾਰ ਲਈ ਚੁਣਿਆ। ਉਨ੍ਹਾਂ ਕਿਹਾ ਕਿ ਉਹ ਜਿਸ ਮੁਕਾਮ ਤੇ ਪੁੱਜਿਆ, ਉਹ ਕਿਸਾਨਾਂ, ਮਾਂ ਬੋਲੀ, ਪੰਜਾਬੀ ਅਤੇ ਸਮੂਹ ਪੰਜਾਬੀਅਤ ਦੀ ਬਦੌਲਤ ਹੈ। ਕਿਸਾਨ ਪਰਿਵਾਰ ਵਿਚ ਜਨਮ ਲੈਣ ਕਾਰਨ ਉਸ ਦਾ ਰੋਮ-ਰੋਮ ਕਿਸਾਨੀ ਦਾ ਕਰਜ਼ਾਈ ਹੈ।
ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦਾ ਅੰਨਦਾਤਾ ਸੜਕਾਂ ਤੇ ਕਿਸਾਨਾਂ ਦੇ ਹੱਕ ਖੋਹਣ ਵਾਲਿਆਂ ਤੋਂ ਇਨਸਾਫ਼ ਮੰਗਦਾ ਹੈ ਤਾਂ ਉਹ ਸ਼੍ਰੋਮਣੀ ਐਵਾਰਡ ਹਾਸਲ ਕਰਦਾ ਸੋਭਦਾ ਨਹੀਂ। ਜੈ ਕਿਸਾਨ ਸੰਘਰਸ਼ ਜੀਵੇ ਮੇਰੀ ਮਾਂ ਬੋਲੀ ਅਤੇ ਧਰਤੀ।
ਸ੍ਰੀ ਗੋਇੰਦਵਾਲ ਸਾਹਿਬ/ਤਰਨ ਤਾਰਨ, (ਪੱਤਰ ਪ੍ਰੇਰਕ): ਕਿਸਾਨੀ ਸੰਘਰਸ਼ ਪ੍ਰਤੀ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੇ ਵਿਰੋਧ ਵਿੱਚ ਖਡੂਰ ਸਾਹਿਬ ਦੇ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਨੇ ਆਪਣਾ ਪਦਮਸ੍ਰੀ ਸਨਮਾਨ ਰਾਸ਼ਟਰਪਤੀ ਨੂੰ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਉਨ੍ਹਾਂ ਅੱਜ ਰਾਸ਼ਟਰਪਤੀ ਨੂੰ ਪੱਤਰ ਭੇਜਦਿਆਂ ਲਿਖਿਆ, ‘‘ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸੰਘਰਸ਼ ਲਈ ਮਜਬੂਰ ਕਰਨ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਉਪਰ ਜ਼ੁਲਮ ਕਰਨ ਦੇ ਵਰਤਾਰੇ ਸਬੰਧੀ ਵੇਦਨਾ ਪ੍ਰਗਟ ਕਰਦਾ ਹੋਇਆ ਸਰਕਾਰ ਵੱਲੋਂ ਦਿੱਤਾ ਪਦਮ ਸ੍ਰੀ ਐਵਾਰਡ ਵਾਪਸ ਕਰ ਰਿਹਾ ਹਾਂ।’’
ਸੇਵਾਮੁਕਤ ਕਮਾਂਡੈਂਟ ਰਾਸ਼ਟਰਪਤੀ ਮੈਡਲ ਵਾਪਸ ਕਰਨਗੇ
ਪਟਿਆਲਾ/ ਮਾਨਸਾ (ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ): ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਜਾਰੀ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਪੰਜਾਬ ਹੋਮਗਾਰਡਜ਼ ਵਿਭਾਗ ਦੇ ਸਾਬਕਾ ਜ਼ਿਲ੍ਹਾ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਨੇ ‘ਪੁਲੀਸ ਰਾਸ਼ਟਰਪਤੀ ਮੈਡਲ’ ਵਾਪਸ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਸਾਨਾਂ ਦੀ ਮੰਗਾਂ ਪ੍ਰਤੀ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਦੀ ਨਿਖੇਧੀ ਕੀਤੀ।
ਦਰੋਣਾਚਾਰੀਆ ਐਵਾਰਡ ਵਾਪਸ ਕਰਨਗੇ ਸੰਧੂ
ਨਵੀਂ ਦਿੱਲੀ: ਸਾਬਕਾ ਮੁੱਕੇਬਾਜ਼ੀ ਕੋਚ ਜੀ ਐਸ ਸੰਧੂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਸਮਰਥਨ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਆਪਣਾ ਦਰੋਣਾਚਾਰੀਆ ਐਵਾਰਡ ਵਾਪਸ ਕਰ ਦੇਣਗੇ। ਦੱਸਣਯੋਗ ਹੈ ਕਿ ਸ੍ਰੀ ਸੰਧੂ ਦੇ ਕਾਰਜਕਾਲ ਦੌਰਾਨ ਹੀ ਭਾਰਤ ਨੇ ਮੁੱਕੇਬਾਜ਼ੀ ਵਿਚ ਪਹਿਲਾ ਓਲੰਪਿਕ ਤਗਮਾ ਹਾਸਲ ਕੀਤਾ ਸੀ। ਉਹ ਦੋ ਦਹਾਕੇ ਭਾਰਤ ਦੇ ਕੌਮੀ ਕੋਚ ਰਹੇ ਤੇ ਬਾਅਦ ਵਿਚ ਦੋ ਸਾਲਾਂ ਤੋਂ ਮਹਿਲਾ ਮੁੱਕੇਬਾਜ਼ਾਂ ਨੂੰ ਕੋਚਿੰਗ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸਾਨੀ ਪਰਿਵਾਰ ਤੋਂ ਹਨ ਤੇ ਜੇ ਕਿਸਾਨਾਂ ਤੇ ਸਰਕਾਰ ਦੀ ਗੱਲਬਾਤ ਦਾ ਸਾਕਾਰਾਤਮਕ ਨਤੀਜਾ ਨਾ ਨਿਕਲਿਆ ਤਾਂ ਉਹ ਐਵਾਰਡ ਵਾਪਸ ਕਰ ਦੇਣਗੇ।