ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਜੁਲਾਈ
ਇੱਥੇ 29 ਅਪਰੈਲ ਨੂੰ ਖਾਲਿਸਤਾਨ ਦੇ ਹੱਕ ਅਤੇ ਵਿਰੋਧ ’ਚ ਮਾਰਚ ਕੱਢਣ ਦੌਰਾਨ ਦੋ ਫਿਰਕਿਆਂ ਵਿਚਾਲੇ ਹੋਏ ਟਕਰਾਅ ਸਬੰਧੀ ਪਟਿਆਲਾ ਜੇਲ੍ਹ ’ਚ ਬੰਦ ਸ਼ਿਵ ਸੈਨਾ ਬਾਲ ਠਾਕਰੇ ਦੇ ਕੌਮੀ ਮੀਤ ਪ੍ਰਧਾਨ ਹਰੀਸ਼ ਸਿੰਗਲਾ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਜੇਲ੍ਹ ਪ੍ਰਸ਼ਾਸਨ ਨੂੰ ਛਾਤੀ ’ਚ ਦਰਦ ਬਾਰੇ ਸ਼ਿਕਾਇਤ ਕੀਤੀ ਸੀ। ਸਿੰਗਲਾ ਨੂੰ ਪਹਿਲਾਂ ਜੇਲ੍ਹ ਵਿਚਲੇ ਹਸਪਤਾਲ ’ਚ ਲਿਜਾਇਆ ਗਿਆ, ਜਿਥੋਂ ਡਾਕਟਰਾਂ ਨੇ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਜਾਣਕਾਰੀ ਮੁਤਾਬਕ ਹਰੀਸ਼ ਸਿੰਗਲਾ ਨੂੰ ਕੱਲ੍ਹ ਦੇਰ ਸ਼ਾਮ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਤੇ ਅੱਜ ਦੂਜੇ ਦਿਨ ਵੀ ਉਹ ਜ਼ੇਰੇ ਇਲਾਜ ਹਨ। ਜ਼ਿਕਰਯੋਗ ਹੈ ਕਿ ਹਰੀਸ਼ ਸਿੰਗਲਾ ’ਤੇ ‘ਖਾਲਿਸਤਾਨ ਵਿਰੋਧੀ’ ਮਾਰਚ ਕੱਢਣ ਦੇ ਦੋਸ਼ ਹਨ। ਮਾਰਚ ਦੌਰਾਨ ਦੋ ਫਿਰਕਿਆਂ ਦਰਮਿਆਨ ਹੋਈ ਝੜਪ ਵਿੱਚ ਸ਼ਹਿਰ ਦੇ ਹਾਲਾਤ ਖਰਾਬ ਹੋ ਗਏ ਸਨ। ਇਸ ਮਗਰੋਂ ਪੁਲੀਸ ਨੇ ਦੋਵਾਂ ਧਿਰਾਂ ਦੇ ਕਈ ਆਗੂਆਂ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਇਨ੍ਹਾਂ ਵਿੱਚੋਂ ਕਈ ਆਗੂਆਂ ਨੂੰ ਜ਼ਮਾਨਤਾਂ ਮਿਲ ਗਈਆਂ ਹਨ, ਪਰ ਹਰੀਸ਼ ਸਿੰਗਲਾ ਅਤੇ ਜਥਾ ਦਮਦਮੀ ਟਕਸਾਲ ਰਾਜਪੁਰਾ ਦੇ ਮੁਖੀ ਬਲਜਿੰਦਰ ਸਿੰਘ ਪਰਵਾਨਾ ਸਮੇਤ ਕੁਝ ਅਜੇ ਵੀ ਵੱਖ-ਵੱਖ ਜੇਲ੍ਹਾਂ ’ਚ ਬੰਦ ਹਨ। ਸਿੰਗਲਾ ਤੇ ਸਾਥੀ ਪਟਿਆਲਾ ਤੇ ਪਰਵਾਨਾ ਤੇ ਉਸ ਦੇ ਸਾਥੀ ਰੋਪੜ ਜੇਲ੍ਹ ਵਿੱਚ ਬੰਦ ਹਨ। ਦੂਜੇ ਪਾਸੇ ਪਟਿਆਲਾ ਪੁਲੀਸ ਨੇ ‘ਖਾਲਿਸਤਾਨ ਪੱਖੀ’ ਮਾਰਚ ਕੱਢਣ ਦਾ ਸੱਦਾ ਦੇਣ ਵਾਲੇ ਬਲਜਿੰਦਰ ਸਿੰਘ ਪਰਵਾਨਾ ਖ਼ਿਲਾਫ਼ ਦਰਜ ਕੇਸ ਸਬੰਧੀ ਅਦਾਲਤ ’ਚ ਚਲਾਨ ਪੇਸ਼ ਕਰ ਦਿੱਤਾ ਹੈ।