ਗਗਨਦੀਪ ਅਰੋੜਾ
ਲੁਧਿਆਣਾ, 17 ਅਕਤੂਬਰ
ਸਨਅਤੀ ਸ਼ਹਿਰ ਤੋਂ ਸਮਾਜ ਸੇਵੀ ਤੇ ਹੋਟਲ ਕਾਰੋਬਾਰੀ ਹਰਜਿੰਦਰ ਸਿੰਘ ਕੁਕਰੇਜਾ ਨੇ ਦਸਤਾਰ ਦੀ ਪਛਾਣ ਲਈ ਇੱਕ ਹੋਰ ਕੰਮ ਕੀਤਾ ਹੈ। ਕੁਕਰੇਜਾ ਨੇ ਉੱਤਰ-ਮੱਧ ਹਿੰਦ ਮਹਾਸਾਗਰ ਵਿੱਚ ਮਾਲਦੀਵ ’ਚ ਆਪਣੀ ਪੱਗ ਨਾਲ ਸਨੋਰਕਲਿੰਗ ਕੀਤੀ ਹੈ। ਇਸ ਤੋਂ ਪਹਿਲਾਂ ਵੀ ਹਰਜਿੰਦਰ ਸਿੰਘ ਕੁਕਰੇਜਾ ਆਪਣੀ ਦਸਤਾਰ ਨੂੰ ਅੱਗੇ ਰੱਖਣ ਲਈ ਸਾਲ 2014 ਵਿੱਚ ਆਸਟਰੇਲੀਆ ’ਚ ਆਪਣੀ ਪੱਗ ਬੰਨ੍ਹ ਕੇ ਸਕਾਈਡਾਈਵ ਕਰਨ ਵਾਲਾ ਪਹਿਲਾ ਸਿੱਖ ਅਤੇ ਅੰਤਾਲਿਆ, ਤੁਰਕੀ ਵਿੱਚ ਸਾਲ 2016 ’ਚ ਆਪਣੀ ਪੱਗ ਨਾਲ ਸਕੂਬਾ-ਡਾਈਵ ਕਰਨ ਵਾਲਾ ਪਹਿਲਾ ਸਿੱਖ ਬਣਿਆ ਸੀ।
ਹਰਜਿੰਦਰ ਦਾ ਉਦੇਸ਼ ਸਿੱਖ ਦਸਤਾਰ ਅਤੇ ਹੋਰ ਸਾਰੇ ਧਾਰਮਿਕ ਚਿੰਨ੍ਹਾਂ ਪ੍ਰਤੀ ਨਿਰੰਤਰ ਦਿਲਚਸਪੀ ਅਤੇ ਸਤਿਕਾਰ ਪੈਦਾ ਕਰਨਾ ਹੈ। ਉਹ ਆਪਣੀ ਦਸਤਾਰ ਨਾਲ ਹਿੰਦ ਮਹਾਸਾਗਰ ਵਿੱਚ ਸਨੋਰਕਲਿੰਗ ਕਰਨ ਵਾਲਾ ਪਹਿਲਾ ਸਿੱਖ ਬਣ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਕੁਕਰੇਜਾ ਨੇ ਦੱਸਿਆ ਕਿ ਦਸਤਾਰ ਨਾਲ ਸਨੋਰਕਲਿੰਗ ਅਸੰਭਵ ਲੱਗਦਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹਿੰਦ ਮਹਾਸਾਗਰ ਦੀਆਂ ਮੱਛੀਆਂ ਵਿਚਾਲੇ ਪੂਰੀ ਪੱਗ ਦੇ ਨਾਲ ਮਨੋਰੰਜਕ ਸਨੋਰਕਲਿੰਗ ਕਰਨ ਦਾ ਆਨੰਦ ਮਾਣਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਨੋਰਕਲਿੰਗ ਦਾ ਸੁਨੇਹਾ ਹੈ ਕਿ ਦਸਤਾਰ ਵਾਲਾ ਜੀਵਨ ਬਿਨਾਂ ਕਿਸੇ ਰੁਕਾਵਟ ਦੇ ਇੱਕ ਵਧੀਆ ਜੀਵਨ ਹੈ।