ਰਾਮ ਸਰਨ ਸੂੁਦ
ਅਮਲੋਹ, 31 ਅਕਤੂਬਰ
ਸਵਰਗੀ ਹਰਜੀਤ ਸਿੰਘ ਹੁੰਦਲ ਮੈਮੋਰੀਅਲ ਹਾਕੀ ਕਲੱਬ ਅਮਲੋਹ ਵੱਲੋਂ ਸਰਕਾਰੀ ਸੈਕੰਡਰੀ ਸਕੂਲ ਅਮਲੋਹ ਦੇ ਗਰਾਊਂਡ ਵਿੱਚ ਚੱਲ ਰਿਹਾ 3 ਰੋਜ਼ਾ ਆਲ ਇੰਡੀਆ ਹਾਕੀ ਮਹਾਕੁੰਭ ਅੱਜ ਸਮਾਗਮ ਹੋ ਗਿਆ। ਅੱਜ ਖੇਡੇ ਗਏ ਸੈਮੀ ਫ਼ਾਈਨਲ ਤੇ ਫ਼ਾਈਨਲ ਦੇ ਮੁਕਾਬਲੇ ਬਹੁਤ ਹੀ ਦਿਲਚਸਪ ਰਹੇ। ਫ਼ਾਈਨਲ ਮੈਚ ਵਿੱਚ ਰਿਤੂ ਰਾਣੀ ਕਲੱਬ ਪਟਿਆਲਾ ਦੀ ਟੀਮ ਨੇ ਪੰਜਾਬੀ ਯੂਨੀਵਰਸਿਟੀ ਦੀ ਟੀਮ ਨੂੰ 0 ਦੇ ਮੁਕਾਬਲੇ 1 ਗੋਲ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਰਿਤੂ ਰਾਣੀ ਕਲੱਬ ਦੇ ਦੀਪਕ ਨੇ ਅੱਧੇ ਸਮੇਂ ਤੋਂ ਪਹਿਲਾਂ ਹੀ ਇਹ ਗੋਲ ਆਪਣੀ ਟੀਮ ਦੀ ਝੋਲੀ ਵਿੱਚ ਪਾ ਦਿੱਤਾ ਸੀ, ਜਦਕਿ ਪੰਜਾਬੀ ਯੂਨੀਵਰਸਿਟੀ ਦੇ ਖਿਡਾਰੀਆਂ ਵੱਲੋਂ ਕੀਤੀ ਗਈ ਸਖ਼ਤ ਮਹਿਨਤ ਵੀ ਇਸ ਗੋਲ ਨੂੰ ਬਰਾਬਰੀ ਵਿੱਚ ਨਹੀਂ ਬਦਲ ਸਕੀ। ਇਸ ਮੌਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਲੱਬ ਨੂੰ 1 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਸਮੀਤ ਸਿੰਘ ਰਾਜਾ, ਉਪ ਚੇਅਰਮੈਨ ਰਾਜਿੰਦਰ ਬਿਟੂ, ਐਡਵੋਕੇਟ ਬਲਜਿੰਦਰ ਸਿੰਘ ਭੱਟੋ, ਕੌਂਸਲ ਪ੍ਰਧਾਨ ਡਾ. ਹਰਪ੍ਰੀਤ ਸਿੰਘ ਤੇ ਜ਼ਿਲ੍ਹਾ ਮੀਤ ਪ੍ਰਧਾਨ ਹੈਪੀ ਸੂਦ ਨੇ ਵੀ ਸ਼ਿਰਕਤ ਕੀਤੀ, ਸਟੇਜ ਸਕੱਤਰ ਦਾ ਫਰਜ਼ ਕੁਲਦੀਪ ਸਿੰਘ ਬੌਬੀ ਨੇ ਨਿਭਾਇਆ। ਇਸ ਮੌਕੇ ਕਲੱਬ ਪ੍ਰਧਾਨ ਪਰਮਜੀਤ ਸਿੰਘ ਵਿਰਕ, ਜਨਰਲ ਸਕੱਤਰ ਤਰਨਦੀਪ ਸਿੰਘ ਬਦੇਸ਼ਾ, ਖ਼ਜ਼ਾਨਚੀ ਸੰਦੀਪ ਸਿੰਘ ਸ਼ੰਮੀ ਤੇ ਸਲਾਹਕਾਰ ਗੁਰਪ੍ਰੀਤ ਸਿੰਘ ਮਰਾੜੂ ਨੇ ਦੱਸਿਆ ਕਿ ਸੈਮੀ ਫ਼ਾਈਨਲ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਬਸੀ ਪਠਾਣਾਂ ਦੀਆਂ ਟੀਮਾਂ 4-4 ਗੋਲਾਂ ਨਾਲ ਬਰਾਬਰ ਰਹਿਣ ਕਾਰਨ ਫ਼ੈਸਲਾ ਟਾਈ ਬਰੇਕਰ ਰਾਹੀਂ ਹੋਇਆ ਤੇ ਪੰਜਾਬੀ ਯੂਨੀਵਰਸਿਟੀ ਦੀ ਟੀਮ 5 ਦੇ ਮੁਕਾਬਲੇ 7 ਗੋਲਾਂ ਨਾਲ ਜੇਤੂ ਰਹੀ। ਇਸੇ ਤਰ੍ਹਾਂ ਰਿਤੂ ਰਾਣੀ ਕਲੱਬ ਪਟਿਆਲਾ ਨੇ ਮੁਕੰਦਪੁਰ ਕਾਲਜ ਦੀ ਟੀਮ ਨੂੰ ਟਾਈਬਰੇਕਰ ਦੌਰਾਨ 3 ਦੇ ਮੁਕਾਬਲੇ 4 ਗੋਲਾਂ ਨਾਲ ਹਰਾਇਆ। ਜੇਤੂ ਟੀਮ ਨੂੰ 51 ਹਜ਼ਾਰ ਦਾ ਪਹਿਲਾ ਇਨਾਮ ਪਵਨ ਕੈਨੇਡਾ ਤੇ ਉਪ ਜੇਤੂ ਨੂੰ 31 ਹਜ਼ਾਰ ਦਾ ਇਨਾਮ ਸਿਮਰਨ ਦਿਓਲ ਵੱਲੋਂ ਦਿੱਤਾ ਗਿਆ, ਜਦਕਿ ਪੰਜਾਬੀ ਯੂਨੀਵਰਸਿਟੀ ਦੇ ਸੂਰਜ ਅਤੇ ਦੀਪਕ ਅਤੇ ਰਿਤੂ ਰਾਣੀ ਕਲੱਬ ਦੇ ਹਰਮਨ ਅਤੇ ਦੀਪਕ ਨੂੰ ਸਰਬੋਤਮ ਖਿਡਾਰੀ ਵਜੋਂ ਦਮਨ ਟਰਾਂਸਪੋਰਟ ਵੱਲੋਂ 4 ਸਾਈਕਲ ਦਿੱਤੇ ਗਏ। ਇਸ ਮੌਕੇ ਅਰਸ਼ਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਫਰੀਦਕੋਟ ਨੇ ਜਿਮਨਾਸਟਿਕ ਸ਼ੋਅ ਪੇਸ਼ ਕੀਤੇ।