ਪੱਤਰ ਪ੍ਰੇਰਕ
ਮਾਨਸਾ, 16 ਜੁਲਾਈ
ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵੱਲੋਂ ਚਾਂਦਪੁਰਾ ਬੰਨ੍ਹ ਟੁੱਟਣ ਲਈ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਉਣ ਵਾਲੇ ਬਿਆਨ ’ਤੇ ਟਿੱਪਣੀ ਕਰਦਿਆਂ ‘ਆਪ’ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਅਤੇ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਅੱਜ ਇਥੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਖ਼ੁਦ ਮਾਨਸਾ ਜ਼ਿਲ੍ਹੇ ਦੇ ਇਸ ਇਲਾਕੇ ਤੋਂ ਤਿੰਨ ਵਾਰ ਸੰਸਦ ਮੈਂਬਰ ਚੁਣੀ ਗਈ ਤੇ ਕੇਂਦਰੀ ਮੰਤਰੀ ਵੀ ਰਹੀ ਹੈ, ਜਿਸ ਦੌਰਾਨ ਉਨ੍ਹਾਂ ਚਾਂਦਪੁਰ ਬੰਨ੍ਹ ਦੀ ਮੁਰੰਮਤ ਜਾਂ ਇਸ ਨੂੰ ਹੋਰ ਸੁਰੱਖਿਅਤ ਕਰਨ ਲਈ ਇੱਕ ਰੁਪਏ ਦੀ ਵੀ ਗ੍ਰਾਂਟ ਜਾਰੀ ਨਹੀਂ ਕੀਤੀ।
ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਹਰਸਿਮਰਤ ਬਾਦਲ ਬਠਿੰਡਾ ਤੋਂ ਲਗਪਗ ਸਵਾ 14 ਸਾਲਾਂ ਤੋਂ ਸੰਸਦ ਮੈਂਬਰ ਹਨ ਤੇ ਇਸ ਸਮੇਂ ਦੌਰਾਨ ਉਨ੍ਹਾਂ ਨੂੰ ਇਲਾਕੇ ਦੀ ਸੇਵਾ ਲਈ 75 ਕਰੋੜ ਰੁਪਏ ਦਾ ਫੰਡ ਮਿਲਿਆ ਹੈ, ਪਰ ਉਨ੍ਹਾਂ ਨੂੰ ਅੱਜ ਤੋਂ ਪਹਿਲਾਂ ਕਦੇ ਚਾਂਦਪੁਰਾ ਬੰਨ੍ਹ ਦੀ ਮਜ਼ਬੂਤੀ ਦਾ ਖ਼ਿਆਲ ਨਹੀਂ ਆਇਆ। ਵਿਧਾਇਕ ਬਣਾਂਵਾਲੀ ਨੇ ਕਿਹਾ ਕਿ ਹਰਸਿਮਰਤ ਤੇ ਸੁਖਬੀਰ ਬਾਦਲ ਹੁਣ ਚਾਂਦਪੁਰਾ ਬੰਨ੍ਹ ਟੁੱਟਣ ਮਗਰੋਂ ਸਰਕਾਰ ਦੀ ਨਿਖੇਧੀ ਕਰ ਰਹੇ ਹਨ, ਜਦਕਿ ਅੱਜ ਤੱਕ ਸੁਖਬੀਰ ਤੇ ਹਰਸਿਮਰਤ ਸਮੇਤ ਰਾਜ ਸਭਾ ਲਈ ਅਕਾਲੀ ਦਲ ਵੱਲੋਂ ਭੇਜੇ ਜਾਂਦੇ ਮੈਂਬਰਾਂ ਨੇ ਕਦੇ ਵੀ ਘੱਗਰ ਦੀ ਵੱਡੀ ਸਮੱਸਿਆ ਸਬੰਧੀ ਆਵਾਜ਼ ਨਹੀਂ ਚੁੱਕੀ। ‘ਆਪ’ ਸਰਕਾਰ ਦੇ ਸਵਾ ਸਾਲ ਦੇ ਕਾਰਜਕਾਲ ’ਤੇ ਸਵਾਲ ਚੁੱਕਣ ਤੋਂ ਪਹਿਲਾਂ ਬਾਦਲ ਆਪਣਾ ਇਤਿਹਾਸ ਵੇਖਣ।