ਪੱਤਰ ਪ੍ਰੇਰਕ
ਮਾਨਸਾ, 15 ਜੁਲਾਈ
ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਮਾਨਸਾ ਜ਼ਿਲ੍ਹੇ ਵਿੱਚ ਘੱਗਰ ਦੇ ਟੁੱਟੇ ਹੋਏ ਬੰਨ੍ਹਾਂ ਨੂੰ ਪੂਰਨ ਲਈ ਰਾਹਤ ਤੇ ਬਚਾਅ ਕਾਰਜਾਂ ਵਾਸਤੇ ਐੱਨਡੀਆਰਐੱਫ ਤਾਇਨਾਤ ਕੀਤੀ ਜਾਵੇ ਕਿਉਂਕਿ ਇਲਾਕੇ ਦੇ ਵੱਡੀ ਗਿਣਤੀ ਪਿੰਡ ਇਸ ਹੜ੍ਹ ਦੀ ਮਾਰ ਹੇਠ ਆਏ ਹੋਏ ਹਨ। ਸਾਬਕਾ ਕੇਂਦਰੀ ਮੰਤਰੀ ਨੇ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਅਪੀਲ ਕੀਤੇ ਜਾਣ ਦੇ ਬਾਵਜੂਦ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਨੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਰਕੇ ਅੱਜ ਚਾਂਦਪੁਰ ਬੰਨ੍ਹ ਵਿੱਚ ਪਾੜ ਪੈਣ ਦੀ ਘਟਨਾ ਵਾਪਰੀ ਹੈ। ਸਾਬਕਾ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਉਹ ਪੰਜਾਬ ਵਿੱਚ ਹੜ੍ਹਾਂ ਕਾਰਨ ਰਾਹਤ ਕਾਰਜਾਂ ਵਾਸਤੇ ਵਧੀਕ ਫੰਡ ਅਲਾਟ ਕਰਨ।