ਨਵੀਂ ਦਿੱਲੀ (ਟਨਸ): ਹਰਿਆਣਾ ਅਤੇ ਪੰਜਾਬ ਨੂੰ ਨਿਵੇਕਲੇ ਕਦਮ ਚੁੱਕਣ ਵਾਲੇ ਪਹਿਲੇ 10 ਸੂਬਿਆਂ ’ਚ ਸਥਾਨ ਮਿਲਿਆ ਹੈ। ਨੀਤੀ ਆਯੋਗ ਦੇ ‘ਇੰਡੀਆ ਇਨੋਵੇਸ਼ਨ ਇੰਡੈਕਸ 2020’ ’ਚ ਪਹਿਲਾ ਸਥਾਨ ਕਰਨਾਟਕ ਨੂੰ ਮਿਲਿਆ ਹੈ। ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ, ਮੈਂਬਰਾਂ ਵੀ ਕੇ ਪੌਲ (ਸਿਹਤ), ਰਮੇਸ਼ ਚੰਦ (ਖੇਤੀ) ਅਤੇ ਸੀਈਓ ਅਮਿਤਾਭ ਕਾਂਤ ਦੀ ਹਾਜ਼ਰੀ ’ਚ ਇੰਡੈਕਸ ਰਿਲੀਜ਼ ਕੀਤਾ ਗਿਆ। ਇੰਡੈਕਸ ’ਚ ਹਰਿਆਣਾ 6ਵੇਂ ਅਤੇ ਪੰਜਾਬ 10ਵੇਂ ਨੰਬਰ ’ਤੇ ਰਿਹਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚੋਂ ਦਿੱਲੀ ਤੋਂ ਬਾਅਦ ਦੂਜੇ ਨੰਬਰ ’ਤੇ ਚੰਡੀਗੜ੍ਹ ਆਇਆ ਹੈ। ਪਹਾੜੀ ਅਤੇ ਉੱਤਰ-ਪੂਰਬੀ ਸੂਬਿਆਂ ’ਚੋਂ ਹਿਮਾਚਲ ਪ੍ਰਦੇਸ਼ ਮੋਹਰੀ ਰਿਹਾ ਹੈ। ਇਹ ਇੰਡੈਕਸ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਸੀ ਅਤੇ ਨਵੇਂ ਕਾਰੋਬਾਰਾਂ ਨੂੰ ਰਜਿਸਟਰ ਕਰਨ ਲਈ ਸੁਖਾਵਾਂ ਮਾਹੌਲ ਦੇਣ, ਪੇਟੈਂਟਾਂ ਲਈ ਅਰਜ਼ੀਆਂ ਦੇਣ, ਮਨੁੱਖੀ ਯੋਗਦਾਨ ਅਤੇ ਨਿਵੇਸ਼ ਆਦਿ ਜਿਹੇ ਕਦਮਾਂ ਰਾਹੀਂ ਸੂਬਿਆਂ ਦੀ ਰੈਕਿੰਗ ਤੈਅ ਕੀਤੀ ਜਾਂਦੀ ਹੈ। ਇੰਡੈਕਸ ’ਚ ਮਹਾਰਾਸ਼ਟਰ ਨੇ ਤਾਮਿਲਨਾਡੂ ਨੂੰ ਪਿੱਛੇ ਛੱਡ ਕੇ ਦੂਜੀ ਥਾਂ ਮੱਲ੍ਹ ਲਈ ਹੈ। ਤਿਲੰਗਾਨਾ ਨੂੰ ਚੌਥਾ ਅਤੇ ਕੇਰਲਾ ਨੂੰ ਪੰਜਵਾਂ ਸਥਾਨ ਮਿਲਿਆ ਹੈ ਜਦਕਿ 17 ਵੱਡੇ ਸੂਬਿਆਂ ਦੀ ਸੂਚੀ ’ਚੋਂ ਬਿਹਾਰ ਫਾਡੀ ਰਿਹਾ ਹੈ। ਪਹਾੜੀ ਅਤੇ ਉੱਤਰ-ਪੂਰਬੀ ਸੂਬਿਆਂ ’ਚੋਂ ਉੱਤਰਾਖੰਡ ਨੂੰ ਦੂਜਾ, ਮਨੀਪੁਰ ਨੂੰ ਤੀਜਾ ਅਤੇ ਸਿੱਕਿਮ ਨੂੰ ਚੌਥਾ ਸਥਾਨ ਮਿਲਿਆ ਹੈ। ਮੁਕਾਬਲੇਬਾਜ਼ੀ ਬਾਰੇ ਇੰਸਟੀਚਿਊਟ ਦੇ ਚੇਅਰਮੈਨ ਅਮਿਤ ਕਪੂਰ ਨੇ ਕਿਹਾ ਕਿ ਇਨੋਵੇਸ਼ਨ ਅਤੇ ਵਿਕਾਸ ’ਚ ਨੇੜਲਾ ਸਬੰਧ ਹੈ। ‘ਜਿਵੇਂ ਹੀ ਸੂਬੇ ਨਿਵੇਕਲੇ ਕਦਮ ਉਠਾਉਂਦੇ ਹਨ, ਉਨ੍ਹਾਂ ਦੀ ਪ੍ਰਤੀ ਵਿਅਕਤੀ ਜੀਡੀਪੀ ਵੱਧ ਜਾਂਦੀ ਹੈ।’ ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਕਿਹਾ ਕਿ ਇਨੋਵੇਸ਼ਨ ’ਤੇ ਜ਼ੋਰ ਦੇਣ ਨਾਲ ਮੁਲਕ ਮੈਨੂਫੈਕਚਰਿੰਗ ਅਤੇ ਬਰਾਮਦ ਮੁਕਾਬਲੇਬਾਜ਼ੀ ’ਚ ਵਾਧਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਸੂਬਿਆਂ ਦੀਆਂ ਵਿਗਿਆਨ ਅਤੇ ਤਕਨਾਲੋਜੀ ਟੀਮਾਂ ਦੇ ਨਾਲ ਨਾਲ ਸਨਅਤੀ ਤੇ ਮੈਨੂਫੈਕਚਰਿੰਗ ਟੀਮਾਂ ਨਾਲ ਰਲ ਕੇ ਕੰਮ ਕਰਨਾ ਜਾਰੀ ਰਖਣਗੇ।