ਗੁਰਨਾਮ ਸਿੰਘ ਚੌਹਾਨ
ਪਾਤੜਾਂ, 12 ਦਸੰਬਰ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਤਿੱਖਾ ਕਰਨ ਦੀ ਦਿੱਤੀ ਚਿਤਾਵਨੀ ਮਗਰੋਂ ਹਰਿਆਣਾ ਸਰਕਾਰ ਨੇ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਰੋਕਣ ਲਈ ਇਕ ਵਾਰ ਫਿਰ ਰਸਤਿਆਂ ਉੱਤੇ ਰੋਕਾਂ ਲਾ ਦਿੱਤੀਆਂ ਹਨ ਪਰ ਜਥੇਬੰਦੀਆਂ ਦੇ ਸੱਦੇ ‘ਤੇ ਅੱਜ ਦਿੱਲੀ ਜਾਣ ਦੇ ਚਾਹਵਾਨ ਕਿਸਾਨ ਨੇ ਢਾਬੀ ਗੁੱਜਰਾਂ ਦੇ ਨੇੜੇ ਪੰਜਾਬ-ਹਰਿਆਣਾ ਸਰਹੱਦ ਉੱਤੇ ਲੱਗੀਆਂ ਰੋਕਾਂ ਹਟਾ ਦਿੱਤੀਆਂ ਤੇ ਅੱਗੇ ਵਧ ਗਏ। ਕਿਸਾਨ ਜਦੋਂ ਸਰਹੱਦ ’ਤੇ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਹਰਿਆਣਾ ਪੁਲੀਸ ਨੇ ਪਿੰਡ ਦਾਤੇਵਾਲ ਦੇ ਕੋਲ ਫੇਰ ਤੋਂ ਰੋਕਾਂ ਲਾਈਆਂ ਹਨ। ਰੋਹ ਵਿੱਚ ਆਏ ਕਿਸਾਨਾਂ ਨੇ ਹਰਿਆਣਾ ਦੇ ਖੱਟਰ ਅਤੇ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਵੱਡੇ ਵੱਡੇ ਪੱਥਰਾਂ ਨਾਲ ਲਾਈਆਂ ਰੋਕਾਂ ਨੂੰ ਤੋੜ ਕੇ ਦਿੱਲੀ ਵੱਲ ਕੂਚ ਕਰ ਗਏ।