ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਜਨਵਰੀ
ਪਾਕਿਸਤਾਨ ਤੋਂ ਪਰਤੀ ਹਸੀਨਾ ਨੂੰ ਹੁਣ ਤਕ ਕੋਈ ਲੈਣ ਨਹੀਂ ਆਇਆ ਅਤੇ ਉਹ ਇਥੇ ਰੈੱਡ ਕਰਾਸ ਦੀ ਮਦਦ ਨਾਲ ਸਰਾਂ ਵਿਚ ਠਹਿਰੀ ਹੋਈ ਹੈ। ਉਸ ਨੂੰ ਬੀਤੇ ਦਿਨ ਪਾਕਿਸਤਾਨ ਤੋਂ ਵਾਪਸ ਭੇਜਿਆ ਗਿਆ ਸੀ। ਮਹਾਰਾਸ਼ਟਰ ਦੇ ਔਰੰਗਾਬਾਦ ਦੀ ਰਹਿਣ ਵਾਲੀ ਹਸੀਨਾ ਪਾਕਿਸਤਾਨ ਰਿਸ਼ਤੇਦਾਰਾਂ ਨੂੰ ਮਿਲਣ ਗਈ ਸੀ ਤੇ ਵੀਜ਼ਾ ਖਤਮ ਹੋਣ ਮਗਰੋਂ ਵੀ ਗੈਰਕਾਨੂੰਨੀ ਤੌਰ ’ਤੇ ਉਥੇ ਰਹਿ ਰਹੀ ਸੀ। ਇਸ ਕਾਰਨ ਪਾਕਿਸਤਾਨੀ ਅਦਾਲਤ ਨੇ ਉਸ ਨੂੰ ਦੋ ਮਹੀਨੇ ਕੈਦ ਦੀ ਸਜ਼ਾ ਸੁਣਾਈ ਸੀ ਪਰ ਉਸ ਨੂੰ 4 ਸਾਲ ਜੇਲ੍ਹ ’ਚ ਰੱਖਿਆ ਗਿਆ। ਹਸੀਨਾ ਨੇ ਦੱਸਿਆ ਕਿ ਔਰੰਗਾਬਾਦ ਰਹਿੰਦੀ ਉਸ ਦੀ ਭੈਣ ਸ਼ਕੀਲਾ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਉਸ ਦੀ ਭੈਣ ਦੇ ਤਿੰਨ ਬੱਚੇ ਹੀ ਉਸ ਦਾ ਪਰਿਵਾਰ ਹਨ। ਉਸ ਦਾ ਪਤੀ ਨਾਲ ਤਲਾਕ ਹੋ ਗਿਆ ਸੀ ਤੇ ਉਹ ਨਿਰਾਸ਼ ਹੋ ਕੇ ਹੀ ਨਾਨਕੇ ਪਰਿਵਾਰ ਨੂੰ ਮਿਲਣ ਪਾਕਿਸਤਾਨ ਗਈ ਸੀ।