ਬੀ ਐਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 9 ਅਗਸਤ
ਹਿਮਾਚਲ ਪੁਲੀਸ ਪ੍ਰਸ਼ਾਸਨ ਵੱਲੋਂ ਅੱਜ ਤੋਂ ਸ਼ੁਰੂ ਹੋਏ ਸਾਉਣ ਦੇ ਨਰਾਤਿਆਂ ਦੌਰਾਨ ਨੈਣਾ ਦੇਵੀ ਮੰਦਿਰ ਜਾਣ ਵਾਲੇ ਸ਼ਰਧਾਲੂਆਂ ਨੂੰ ਹਿਮਾਚਲ ਪ੍ਰਦੇਸ਼ ਦੀ ਹੱਦ ਸ਼ੁਰੂ ਹੁੰਦਿਆਂ ਹੀ ਪੈਂਦੇ ਪਿੰਡ ਕੋਲਾਂਵਾਲਾ ਟੋਭਾ ਕੋਲ ਰੋਕ ਲਿਆ ਗਿਆ। ਇਸ ਤੋਂ ਨਾਰਾਜ਼ ਹੋਏ ਸ਼ਰਧਾਲੂਆਂ ਨੇ ਸੜਕ ’ਤੇ ਬੈਠ ਕੇ ਧਰਨਾ ਲਾ ਦਿੱਤਾ ਤੇ ਹਿਮਾਚਲ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੌਕੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੇਲੇ ਦੌਰਾਨ ਮੰਦਰ ਵਿੱਚ ਨਤਮਸਤਕ ਹੋਣ ਲਈ ਪਹੁੰਚਣ ਵਾਲੇ ਜਿਨ੍ਹਾਂ ਸ਼ਰਧਾਲੂਆਂ ਕੋਲ ਕੋਵਿਡ ਟੈਸਟ ਦੀ ਰਿਪੋਰਟ ਨਹੀਂ ਸੀ, ਉਨ੍ਹਾਂ ਨੂੰ ਹਿਮਾਚਲ ਪੁਲੀਸ ਪ੍ਰਸ਼ਾਸਨ ਵੱਲੋਂ ਲਗਾਏ ਨਾਕੇ ਦੌਰਾਨ ਕੋਲਾਂਵਾਲਾ ਟੋਭਾ ਦੇ ਬੈਰੀਅਰ ਕੋਲ ਹੀ ਰੋਕ ਲਿਆ ਗਿਆ। ਦੇਖਦੇ ਹੀ ਦੇਖਦੇ ਕੌਲਾਂਵਾਲਾ ਟੋਭਾ ਵਿੱਚ ਹਜ਼ਾਰਾਂ ਹੀ ਸ਼ਰਧਾਲੂਆਂ ਦਾ ਇਕੱਠ ਹੋ ਗਿਆ, ਜਿਨ੍ਹਾਂ ਨੂੰ ਇਸ ਦੌਰਾਨ ਹਿਮਾਚਲ ਪੁਲੀਸ ਮੁਲਾਜ਼ਮਾਂ ਨਾਲ ਬਹਿਸਦੇ ਵੀ ਦੇਖਿਆ ਗਿਆ। ਭਾਰੀ ਵਿਰੋਧ ਦੇ ਬਾਵਜੂਦ ਜਦੋਂ ਹਿਮਾਚਲ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਨੂੰ ਕੋਲਾਂਵਾਲਾ ਟੋਭਾ ਤੋਂ ਅੱਗੇ ਨਾ ਜਾਣ ਦਿੱਤਾ ਗਿਆ ਤਾਂ ਉਨ੍ਹਾਂ ਉੱਥੇ ਹੀ ਬੈਠ ਕੇ ਧਰਨਾ ਲਗਾ ਦਿੱਤਾ ਅਤੇ ਹਿਮਾਚਲ ਸਰਕਾਰ ਤੇ ਹਿਮਾਚਲ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੰਦਰ ਦੇ ਸਹਿ-ਅਧਿਕਾਰੀ ਸੁਭਾਸ਼ ਗੌਤਮ ਤੇ ਉੱਚ ਪੁਲੀਸ ਅਧਿਕਾਰੀ ਕੋਲਾਂਵਾਲਾ ਟੋਬਾ ਵਿੱਚ ਪਹੁੰਚੇ ਤੇ ਇਕੱਤਰ ਲੋਕਾਂ ਨੂੰ ਸਮਝਾਇਆ ਕਿ ਹਿਮਾਚਲ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਿਰਫ਼ ਨੈਗੇਟਿਵ ਰਿਪੋਰਟ ਵਾਲੇ ਸ਼ਰਧਾਲੂ ਹੀ ਮੰਦਰ ਵਿੱਚ ਪਹੁੰਚ ਸਕਦੇ ਹਨ। ਭਾਵੇਂ ਸ਼ਰਧਾਲੂਆਂ ਨੇ ਧਰਨਾ ਸਮਾਪਤ ਕਰ ਦਿੱਤਾ ਤੇ ਉੱਥੋਂ ਹੀ ਵਾਪਸੀ ਲਈ ਚੱਲ ਪਏ, ਪਰ ਸਮੂਹ ਸ਼ਰਧਾਲੂਆਂ ਵਿਚ ਮਾਤਾ ਦੇ ਦਰਸ਼ਨ ਨਾ ਕਰ ਸਕਣ ਕਾਰਨ ਮਾਯੂਸੀ ਤੇ ਹਿਮਾਚਲ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਰੋਸ ਦੇਖਿਆ ਗਿਆ। ਮੇਲੇ ਦੀ ਅਧਿਕਾਰੀ ਕੁਮਾਰੀ ਤੂਰੁਲ ਨੇ ਦੱਸਿਆ ਕਿ ਲਗਪਗ 10-15 ਦਿਨ ਪਹਿਲਾਂ ਮੀਡੀਆ ਰਾਹੀਂ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਮੰਦਿਰ ਆਉਣ ਵਾਲੇ ਸ਼ਰਧਾਲੂ ਆਰਟੀਪੀਸੀ ਰਿਪੋਰਟ ਤੇ ਟੀਕੇ ਦੀ ਰਿਪੋਰਟ ਲੈ ਕੇ ਆਉਣ।
ਮੰਦਰ ਵਿੱਚ ਨੌ-ਰੋਜ਼ਾ ਨਵਰਾਤਰ ਮੇਲਾ ਸ਼ੁਰੂ
ਮਾਤਾ ਨੈਣਾਂ ਦੇਵੀ ਦੇ ਦਰਬਾਰ ਵਿੱਚ 9 ਤੋਂ 17 ਅਗਸਤ ਤੱਕ ਚੱਲਣ ਵਾਲਾ ਨੌ ਰੋਜ਼ਾ ਸਾਉਣ ਅਸ਼ਟਮੀ ਨਵਰਾਤਰ ਮੇਲਾ ਅੱਜ ਤੜਕਸਾਰ ਦੀ ਆਰਤੀ, ਸ਼ੰਖ ਘੜਿਆਲ ਤੇ ਜੈਕਾਰਿਆਂ ਦੀ ਗੂੰਜ ਨਾਲ ਸ਼ੁਰੂ ਹੋ ਗਿਆ। ਇਸ ਮੇਲੇ ਦੌਰਾਨ ਮੰਦਰ ਅਧਿਕਾਰੀ ਵਿਜੇ ਗੌਤਮ ਨੂੰ ਮੇਲਾ ਅਧਿਕਾਰੀ ਤੇ ਡੀਐੱਸਪੀ ਪੂਰਨ ਚੰਦ ਨੂੰ ਪੁਲੀਸ ਮੇਲਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਸ੍ਰੀ ਗੌਤਮ ਨੇ ਦੱਸਿਆ ਕਿ ਇਸ ਵਾਰ ਵੀ 260 ਅਸਥਾਈ ਕਰਮਚਾਰੀ ਨਿਯੁਕਤ ਕੀਤੇ ਗਏ ਹਨ, ਜੋ ਮੰਦਰ ਵਿੱਚ ਸਾਰੇ ਕੰਮਾਂ ਤੇ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀਆਂ ਸਹੂਲਤਾਂ ਸਬੰਧੀ ਧਿਆਨ ਦੇਣਗੇ।