ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਅਕਤੂਬਰ
ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਮਨਜੀਤ ਸਿੰਘ ਨੇ ਰੋਪੜ, ਐੱਸਬੀਐੱਸ ਨਗਰ, ਹੁਸ਼ਿਆਰਪੁਰ ਅਤੇ ਪਠਾਨਕੋਟ ਵਿੱਚ ਜ਼ਿਲ੍ਹਾ ਹਸਪਤਾਲਾਂ ਅਤੇ ਗੜ੍ਹਸ਼ੰਕਰ, ਮੁਕੇਰੀਆਂ, ਦਸੂਹਾ, ਬਲਾਚੌਰ ’ਚ ਸਬ-ਡਿਵੀਜ਼ਨਲ ਹਸਪਤਾਲਾਂ ਦਾ ਦੌਰਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਐਮਰਜੈਂਸੀ ਡਾਕਟਰੀ ਸਹੂਲਤਾਂ ਦੀ ਜਾਂਚ ਕੀਤੀ ਹੈ।
ਡਾ. ਮਨਜੀਤ ਸਿੰਘ ਨੇ ਜਾਂਚ ਦੌਰਾਨ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਸਾਰੇ ਡਾਕਟਰੀ ਉਪਕਰਨ ਕਾਰਜਸ਼ੀਲ ਹੋਣੇ ਚਾਹੀਦੇ ਹਨ ਅਤੇ ਜੇਕਰ ਕੋਈ ਨੁਕਸ ਹੋਵੇ ਤਾਂ ਉਸ ਨੂੰ ਤੁਰੰਤ ਠੀਕ ਕੀਤਾ ਜਾਵੇ। ਡਾ. ਮਨਜੀਤ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਸੂਬੇ ’ਚ ਵਧੀਆ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਜ਼ਰੂਰੀ ਦਵਾਈਆਂ ਐਮਰਜੈਂਸੀ ਵਾਰਡ ’ਚ ਮੁਹੱਈਆ ਹੋਣੀਆਂ ਚਾਹੀਦੀਆਂ ਹਨ ਅਤੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਵੀ ਦਵਾਈ ਬਾਜ਼ਾਰ ਤੋਂ ਲਿਆਉਣ ਦੀ ਲੋੜ ਨਾ ਪਵੇ। ਸਿਹਤ ਵਿਭਾਗ ਦੇ ਡਾਇਰੈਕਟਰ ਨੇ ਹਸਪਤਾਲ ਅੰਦਰ ਅਤੇ ਵਾਰਡਾਂ ’ਚ ਸਫ਼ਾਈ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਡਾ. ਹਰਮਿੰਦਰਜੀਤ ਸਿੰਘ ਚੀਮਾ ਅਤੇ ਸਿਹਤ ਇੰਸਪੈਕਟਰ ਭੁਪਿੰਦਰ ਸਿੰਘ ਦਹਿਰੀ ਵੀ ਹਾਜ਼ਰ ਸਨ।