ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਕਲਗੀਧਰ ਟਰੱਸਟ, ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵੱਲੋਂ ਸਥਾਨਕ ਸੁਖਨਾ ਝੀਲ ‘ਤੇ ਕਰਵਾਏ ਗਏ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਸਮਾਗਮ ਦੌਰਾਨ ਵੱਡੀ ਗਿਣਤੀ ਲੋਕਾਂ ਨੇ ‘ਸੇਅ ਯੈੱਸ ਟੂ ਲਾਈਫ਼, ਨੋ ਟੂ ਡਰੱਗਜ਼’ ਦੇ ਸੰਦੇਸ਼ ਨਾਲ ਸੰਸਾਰ ਭਰ ਨੂੰ ਨਸ਼ਾ ਮੁਕਤ ਬਣਾਉਣ ਵਾਸਤੇ ਯਤਨਸ਼ੀਲ ਹੋਣ ਦੀ ਸਹੁੰ ਚੁੱਕੀ। ਸਿਹਤ ਮੰਤਰੀ ਨੇ ਕੌਮਾਂਤਰੀ ਨਿਸ਼ਾਨੇਬਾਜ਼ ਗੌਰੀ ਸ਼ੇਰੋਂ, ਅਕਾਲ ਨਸ਼ਾ ਛੁਡਾਊ ਕੇਂਦਰਾਂ ਦੇ ਡਾਇਰੈਕਟਰ ਡਾ. (ਕਰਨਲ) ਰਾਜਿੰਦਰ ਸਿੰਘ ਅਤੇ ਕਲਗੀਧਰ ਟਰੱਸਟ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਨਾਲ ਹਿੱਸਾ ਲਿਆ। ਇਸ ਦੌਰਾਨ ਲਗਪਗ 300 ਪ੍ਰਤੀਯੋਗੀਆਂ ਨੇ 20 ਫੁਟ ਦੇ ਕੈਨਵਸ ‘ਤੇ ਆਪਣੇ ਰੰਗ-ਬਿਰੰਗੇ ਹੱਥਾਂ ਦੇ ਛਾਪ ਛੱਡੇ। ਇਸ ਮੌਕੇ ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਦੇ ਆਦੀਆਂ ਜਾਂ ਨਸ਼ਾ ਪੀੜਤ ਮਰੀਜ਼ਾਂ ਪ੍ਰਤੀ ਹਮਦਰਦੀ ਰੱਖਦਿਆਂ ਉਨ੍ਹਾਂ ਦੀ ਮਦਦ ਕਰਨ।