ਗਗਨਦੀਪ ਅਰੋੜਾ
ਲੁਧਿਆਣਾ, 26 ਫਰਵਰੀ
ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੇ ਯੁੱਧ ਕਾਰਨ ਦੇਸ਼ ਨਾ ਪਰਤ ਸਕੇ ਭਾਰਤੀ ਸਹਿਮੇ ਹੋਏ ਹਨ। ਇਨ੍ਹਾਂ ਵਿੱਚ ਵੱਡੀ ਗਿਣਤੀ ਉਥੇ ਡਾਕਟਰੀ ਦੀ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਦੀ ਹੈ। ਤਿੰਨ ਦਿਨ ਪਹਿਲਾਂ ਯੂਕਰੇਨ ਤੋਂ ਵਾਪਸ ਪਰਤੀ ਬਿੰਦਰਵਨ ਰੋਡ ਦੀ ਜਾਨ੍ਹਵੀ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ ਹੈ, ਪਰ ਉਸ ਨੂੰ ਆਪਣੇ ਨਾਲ ਪੜ੍ਹਨ ਵਾਲੇ ਦੋਸਤਾਂ ਦਾ ਫਿਕਰ ਵੀ ਹੈ। ਸਹੀ ਸਲਾਮਤ ਦੇਸ਼ ਪੁੱਜਣ ’ਤੇ ਜਿੱਥੇ ਇੱਕ ਪਾਸੇ ਜਾਨ੍ਹਵੀ ਰੱਬ ਦਾ ਸ਼ੁਕਰਾਨਾ ਕਰ ਰਹੀ ਹੈ, ਉਥੇ ਹੀ ਉਹ ਆਪਣੇ ਦੋਸਤਾਂ ਦੀ ਸਲਾਮਤੀ ਲਈ ਵੀ ਅਰਦਾਸ ਕਰ ਰਹੀ ਹੈ। ਜਾਨ੍ਹਵੀ ਨੇ ਦੱਸਿਆ ਕਿ ਉਹ ਅਕਤੂਬਰ ਮਹੀਨੇ ਯੂਕਰੇਨ ਗਈ ਸੀ ਪਰ ਉਸ ਦੀ ਪੜ੍ਹਾਈ ਪਹਿਲਾਂ ਤੋਂ ਚੱਲ ਰਹੀ ਸੀ। ਕਰੋਨਾ ਕਾਰਨ ਪਹਿਲਾਂ ਆਨਲਾਈਨ ਕਲਾਸਾਂ ਚੱਲ ਰਹੀਆਂ ਸਨ ਤੇ ਅਕਤੂਬਰ ਮਹੀਨੇ ਉਹ ਯੂਕਰੇਨ ਦੇ ਖਾਰਕੀਵ ਚਲੀ ਗਈ ਸੀ। ਜਾਨਵੀ ਨੇ ਦੱਸਿਆ ਕਿ ਦੋਵੇਂ ਦੇਸ਼ਾਂ ਵਿਚਾਲੇ ਮਾਹੌਲ ਤਾਂ ਪਹਿਲਾਂ ਹੀ ਤਣਾਅਪੂਰਨ ਸੀ ਪਰ ਕਿਸੇ ਨੂੰ ਯੁੱਧ ਹੋਣ ਦੇ ਆਸਾਰ ਨਹੀਂ ਸਨ ਲੱਗਦੇ। ਜਾਨ੍ਹਵੀ ਨੇ ਦੱਸਿਆ ਕਿ ਪਹਿਲਾਂ ਹਾਲਾਤ ਸਹੀ ਲੱਗ ਰਹੇ ਸਨ ਪਰ ਜਦੋਂ ਭਾਰਤੀ ਅੰਬੈਸੀ ਨੇ ਨੋਟਿਸ ਜਾਰੀ ਕੀਤਾ ਤਾਂ ਵਿਦਿਆਰਥੀਆਂ ਨੇ ਪਰਤਣਾ ਸ਼ੁਰੂ ਕਰ ਦਿੱਤਾ।
ਉਸ ਨੇ ਦੱਸਿਆ ਕਿ ਭਾਰਤੀ ਅੰਬੈਸੀ ਵੱਲੋਂ ਹਵਾਈ ਅੱਡੇ ਤੋਂ ਭਾਰਤ ਪੁੱਜਣ ਤੱਕ ਲਗਾਤਾਰ ਉਨ੍ਹਾਂ ਨਾਲ ਸੰਪਰਕ ਰੱਖਿਆ ਗਿਆ ਤੇ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਗਈ।
ਜਾਨ੍ਹਵੀ ਨੇ ਦੱਸਿਆ ਕਿ ਉਸ ਦੀ ਆਪਣੇ ਦੋਸਤਾਂ ਨਾਲ ਸੋਸ਼ਲ ਮੀਡੀਆ ਰਾਹੀਂ ਗੱਲਬਾਤ ਹੁੰਦੀ ਹੈ।
ਉਹ ਦੱਸਦੇ ਹਨ ਕਿ ਕੀਵ ਵਿੱਚ ਲਗਾਤਾਰ ਬੰਬ ਸੁੱਟੇ ਜਾ ਰਹੇ ਹਨ ਅਤੇ ਉਹ ਬੇਸਮੈਂਟ ’ਚ ਲੁਕੇ ਹੋਏ ਹਨ। ਸਾਰਿਆਂ ਨੂੰ ਅੰਦਰ ਹੀ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਥੇ ਹੁਣ ਖਾਣ-ਪੀਣ ਦੀ ਦਿੱਕਤ ਆਉਣ ਲੱਗ ਪਈ ਹੈ ਤੇ ਪੀਣ ਵਾਲਾ ਪਾਣੀ ਵੀ ਖਤਮ ਹੋ ਰਿਹਾ ਹੈ। ਉਡਾਣਾਂ ਦੀਆਂ ਟਿਕਟਾਂ ਮਹਿੰਗੀਆਂ ਹੋਣ ਕਾਰਨ ਵੀ ਦਿੱਕਤਾਂ ਆ ਰਹੀਆਂ ਹਨ। ਅੰਬੈਸੀ ਉਨ੍ਹਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਖੰਨਾ ਤੋਂ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਯੂਕਰੇਨ ਗਈ ਲੜਕੀ ਕਸ਼ਿਸ਼ ਵਿੱਜ ਸੁਰੱਖਿਅਤ ਆਪਣੇ ਘਰ ਪਰਤ ਆਈ। ਇੱਥੋਂ ਦੇ ਸ਼ਿਵਪੁਰੀ ਮੁਹੱਲੇ ਵਿੱਚ ਰਹਿਣ ਵਾਲੇ ਕਰਿਆਨਾ ਕਾਰੋਬਾਰੀ ਤੇ ਭਾਜਪਾ ਨੇਤਾ ਦਿਨੇਸ਼ ਵਿਜ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਕਸ਼ਿਸ਼ ਯੂਕਰੇਨ ’ਚ ਐੱਮਬੀਬੀਐੱਸ ਪੜ੍ਹਾਈ ਕਰਨ ਗਈ ਸੀ, ਉੱਥੇ ਹਾਲਾਤ ਖਰਾਬ ਹੋਣ ਕਾਰਨ ਯੂਨੀਵਰਸਿਟੀ ਵੱਲੋਂ ਭਾਰਤੀ ਵਿਦਿਆਰਥੀ ਵਾਪਸ ਭੇਜ ਦਿੱਤੇ ਗਏ। ਕਸ਼ਿਸ਼ ਨੇ ਕਿਹਾ ਕਿ ਯੂਕਰੇਨ ਵਿੱਚ ਪੜ੍ਹਾਈ ਵੀ ਠੱਪ ਹੋ ਗਈ ਹੈ, ਜੋ ਹੁਣ ਭਾਰਤ ਬੈਠ ਕੇ ਆਨਲਾਈਨ ਹੋਵੇਗੀ।
ਸ੍ਰੀ ਆਨੰਦਪੁਰ ਸਾਹਿਬ (ਬੀਐੱਸ ਚਾਨਾ): ਸ੍ਰੀ ਆਨੰਦਪੁਰ ਸਾਹਿਬ ਦੀ ਇੰਦਰਪ੍ਰੀਤ ਕੌਰ ਵਿਰਕ ਬੀਤੇ ਦਿਨ ਆਪਣੇ ਘਰ ਪਹੁੰਚ ਗਈ ਹੈ। ਜ਼ਿਲ੍ਹਾ ਰੂਪਨਗਰ ਤੋਂ ਸ਼੍ਰੋਮਣੀ ਅਕਾਲੀ ਦਲ (ਇਸਤਰੀ) ਦੀ ਪ੍ਰਧਾਨ ਕੁਲਵਿੰਦਰ ਕੌਰ ਦੀ ਧੀ ਇੰਦਰਪ੍ਰੀਤ ਨੇ ਯੂਕਰੇਨ ਦੇ ਤਾਜ਼ਾ ਹਾਲਾਤ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਉਥੇ ਵਿਦਿਆਰਥੀ ਆਪਣੀ ਜਾਨ ਬਚਾਉਣ ਲਈ ਬੇਸਮੈਂਟਾਂ ਤੇ ਮੈਟਰੋ ਸਟੇਸ਼ਨਾਂ ਆਦਿ ਵਿੱਚ ਲੁਕੇ ਹੋਏ ਹਨ। ਉਸ ਨੇ ਦੱਸਿਆ ਕਿ ਉਸ ਦੇ ਕੁਝ ਦੋਸਤ ਹਾਲੇ ਵੀ ਉਥੇ ਫਸੇ ਹੋਏ ਹਨ, ਜਿਨ੍ਹਾਂ ਨਾਲ ਉਹ ਲਗਾਤਾਰ ਗੱਲਬਾਤ ਕਰ ਰਹੀ ਹੈ। ਇੰਦਰਪ੍ਰੀਤ ਨੇ ਦੱਸਿਆ ਕਿ ਸਹਿਮ ਦੇ ਮਾਹੌਲ ਕਾਰਨ ਉਥੇ ਕੁਝ ਵਿਦਿਆਰਥੀਆਂ ਨੂੰ ਇਹ ਲੱਗਣ ਲੱਗ ਪਿਆ ਹੈ ਕਿ ਹੁਣ ਉਹ ਕਦੇ ਆਪਣੇ ਪਰਿਵਾਰ ਨੂੰ ਨਹੀਂ ਮਿਲ ਸਕਣਗੇ।
ਇੰਦਰਪ੍ਰੀਤ ਕੌਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਯੂਕਰੇਨ ’ਚ ਫਸੇ ਵਿਦਿਆਰਥੀਆਂ ਨੂੰ ਹੋਰਨਾਂ ਦੇਸ਼ਾਂ ਤੋਂ ਉਡਾਣਾਂ ਰਾਹੀਂ ਵਾਪਸ ਲਿਆਂਦਾ ਜਾਵੇ। ਇੰਦਰਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਅਪਾਣੀ ਧੀ ਦੀ ਵਾਪਸੀ ਲਈ ਤਿੰਨ ਗੁਣਾ ਵੱਧ ਮੁੱਲ ਦੀ ਟਿਕਟ ਖਰੀਦੀ ਹੈ।
ਦੀਕਸ਼ਾ ਨੇ ਬਿਆਨੇ ਹਾਲਾਤ
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਯੂਕਰੇਨ ਤੋਂ ਵਾਪਸ ਆਈ ਬਲਾਚੌਰ ਸਬ-ਡਿਵੀਜ਼ਨ ਦੇ ਬਲਾਕ ਸੜੋਆ ਦੇ ਪਿੰਡ ਸਾਹਿਬਾ ਦੀ ਦੀਕਸ਼ਾ ਕੇਨ ਪੁੱਤਰੀ ਪੰਕਜ ਰਾਏ ਕੇਨ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਜਹਾਜ਼ ਉੱਡਣ ਮਗਰੋਂ ਕੀਵ ਏਅਰਪੋਰਟ ਦੀ ਪਾਰਕਿੰਗ ਵਿੱਚ ਜ਼ਬਰਦਸਤ ਧਮਾਕਾ ਹੋਇਆ ਸੀ। ਦੀਕਸ਼ਾ ਨੇ ਦੱੱਸਿਆ ਕਿ ਉਸ ਦੀ ਪੜ੍ਹਾਈ ਦਾ ਅੰਤਿਮ ਸਾਲ ਹੈ ਅਤੇ ਉਹ ਘਰ ਆ ਕੇ ਖੁਸ਼ ਹੈ ਕਿਉਂਕਿ ਉਸ ਦੇ ਮਾਤਾ-ਪਿਤਾ ਪਿਛਲੇ 15 ਦਿਨਾਂ ਤੋਂ ਉਸ ਬਾਰੇ ਫਿਕਰਮੰਦ ਸਨ। ਉਸ ਨੇ ਦੱਸਿਆ ਕਿ ਜਿਸ ਯੂਨੀਵਰਸਿਟੀ ਵਿੱਚ ਉਹ ਪੜ੍ਹਾਈ ਕਰ ਰਹੀ ਸੀ, ਉਸ ਤੋਂ ਕੀਵ ਏਅਰਪੋਰਟ ਲਗਪਗ 300 ਕਿਲੋਮੀਟਰ ਦੂਰ ਹੈ। ਦੀਕਸ਼ਾ ਨੇ ਕਿਹਾ ਕਿ ਉੱਥੇ ਫਸੇ ਭਾਰਤੀ ਵਿਦਿਆਰਥੀ ਬਹੁਤ ਪ੍ਰੇਸ਼ਾਨ ਹਨ ਤੇ ਭਾਰਤੀ ਅੰਬੈਸੀ ਨੂੰ ਚਾਹੀਦਾ ਕਿ ਵਿਦਿਆਰਥੀਆਂ ਨੂੰ ਜਲਦੀ ਭਾਰਤ ਭੇਜਣ ਦੇ ਪ੍ਰਬੰਧ ਕੀਤੇ ਜਾਣ।
ਪਿੰਡ ਯਾਰਾ ਵਿੱਚ ਹਾਲ-ਚਾਲ ਪੁੱਛਣ ਵਾਲਿਆਂ ਦਾ ਤਾਂਤਾ ਲੱਗਿਆ
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਇੱਥੋਂ ਨੇੜਲੇ ਪਿੰਡ ਯਾਰਾ ਦੇ ਸਤਬੀਰ ਸ਼ਰਮਾ ਦੇ ਇਕਲੌਤੇ ਪੁੱਤ ਹਰਦੀਪ ਸ਼ਰਮਾ ਦੀ ਯੂਕਰੇਨ ਤੋਂ ਵਾਪਸੀ ਮਗਰੋਂ ਪਰਿਵਾਰ ਖੁਸ਼ ਹੈ। ਹਰਦੀਪ ਨੇ ਦੱਸਿਆ ਕਿ ਉਸ ਨੇ ਦਿੱਲੀ ਹਵਾਈ ਅੱਡੇ ’ਤੇ ਪਹੁੰਚ ਕੇ ਸਭ ਤੋਂ ਪਹਿਲਾਂ ਯੂਕਰੇਨ ਰਹਿਣ ਵਾਲੇ ਦੋਸਤਾਂ ਨਾਲ ਗੱਲ ਬਾਤ ਕੀਤੀ ਤਾਂ ਉਹ ਘਬਰਾਏ ਹੋਏ ਸਨ। ਉਨ੍ਹਾਂ ਦੱਸਿਆ ਕਿ ਹਾਈ ਅਲਰਟ ਕਾਰਨ ਆਉਣ-ਜਾਣ ’ਤੇ ਪਾਬੰਦੀ ਲੱਗ ਗਈ ਹੈ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਹਨ। ਸਤਬੀਰ ਨੇ ਦੱਸਿਆ ਕਿ ਉਸ ਦਾ ਪੁੱਤਰ ਤਿੰਨ ਮਹੀਨੇ ਪਹਿਲਾਂ ਹੀ ਪੜ੍ਹਾਈ ਲਈ ਯੂਕਰੇਨ ਦੇ ਇਵਾਨੋ ਸ਼ਹਿਰ ਗਿਆ ਸੀ ਪਰ ਰੂਸ ਅਤੇ ਯੂਕਰੇਨ ਦਰਮਿਆਨ ਬਣੇ ਹਾਲਾਤ ਮਗਰੋਂ ਉਨ੍ਹਾਂ ਉਸ ਨੂੰ ਵਾਪਸ ਬੁਲਾ ਲਿਆ।