ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਚੰਡੀਗੜ੍ਹ/ਮਾਨਸਾ, 21 ਜੁਲਾਈ
ਪੰਜਾਬ ਵਿਚ ਅੱਜ ਵੀ ਕਈ ਥਾਈਂ ਭਰਵਾਂ ਮੀਂਹ ਪਿਆ। ਸੂਬੇ ਵਿੱਚ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੋਣ ਕਰ ਕੇ 26 ਜੁਲਾਈ ਤੱਕ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਭਾਰੀ ਤੇ ਦਰਮਿਆਨਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਨੇ ਔਰੇਂਜ ਅਲਰਟ ਵੀ ਜਾਰੀ ਕੀਤਾ ਹੈ।
ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੇ ਹੁੰਮਸ ਤੋਂ ਰਾਹਤ ਮਿਲੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਸਬਜ਼ੀਆਂ, ਨਰਮੇ, ਕਪਾਹ ਅਤੇ ਪਸ਼ੂਆਂ ਦੇ ਹਰੇ ਚਾਰੇ ਦੀਆਂ ਫ਼ਸਲਾਂ ਵਿੱਚ ਪਾਣੀ ਨਾ ਖੜ੍ਹਨ ਦੇਣ ਅਤੇ ਨਾ ਹੀ 26 ਜੁਲਾਈ ਤੱਕ ਫ਼ਸਲਾਂ ’ਤੇ ਕਿਸੇ ਕਿਸਮ ਦੇ ਕੀਟਨਾਸ਼ਕ ਤੇ ਹੋਰ ਦਵਾਈਆਂ ਦਾ ਛਿੜਕਾਅ ਕਰਨ। ਜਾਣਕਾਰੀ ਅਨੁਸਾਰ ਅੱਜ ਮੁਹਾਲੀ, ਖਰੜ, ਜ਼ੀਰਕਪੁਰ, ਭਦੌੜ, ਪਟਿਆਲਾ, ਬਠਿੰਡਾ, ਜਲੰਧਰ, ਲੁਧਿਆਣਾ ਅਤੇ ਬਰਨਾਲਾ ਸਣੇ ਸੂਬੇ ਦੇ ਕਈ ਸ਼ਹਿਰਾਂ ਵਿਚ ਭਾਰੀ ਬਾਰਿਸ਼ ਹੋਈ। ਮੀਂਹ ਪੈਣ ਕਾਰਨ ਸੜਕਾਂ ’ਤੇ ਜਾਮ ਲੱਗਿਆ ਰਿਹਾ। ਲੋਕਾਂ ਨੂੰ ਆਉਣ-ਜਾਉਣ ਸਮੇਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬੁਲੇਟਿਨ ਅਨੁਸਾਰ ਮੌਸਮ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ 22 ਤੋਂ 26 ਜੁਲਾਈ ਤੱਕ ਦਰਮਿਆਨਾ ਤੇ ਭਾਰੀ ਮੀਂਹ ਪੈਣ ਬਾਰੇ ਜਾਣਕਾਰੀ ਹਾਸਲ ਹੋਈ ਹੈ।
ਮੀਂਹ ਕਾਰਨ ਬਿਜਲੀ ਦੀ ਮੰਗ ਘਟੀ
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਲਗਾਤਾਰ ਮੀਂਹ ਪੈਣ ਤੋਂ ਬਾਅਦ ਖੇਤੀ ਖੇਤਰ ਸਮੇਤ ਉਦਯੋਗ ਅਤੇ ਘਰੇਲੂ ਵਰਤੋਂ ਲਈ ਬਿਜਲੀ ਦੀ ਮੰਗ ਘਟ ਗਈ ਹੈ। ਕਿਸਾਨਾਂ ਦੀਆਂ ਖੇਤੀ ਮੋਟਰਾਂ ਲਗਪੱਗ ਸਾਰਾ ਦਿਨ ਬੰਦ ਰਹੀਆਂ। ਤਾਪ ਘਰਾਂ ਨੇ ਬਿਜਲੀ ਪੈਦਾ ਕਰਨ ਦੀ ਸਮਰੱਥਾ ਅੱਧੀ ਕਰ ਦਿੱਤੀ ਹੈ। ਅੱਜ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐਲ) ਵੱਲੋਂ ਆਪਣੀ ਕੁੱਲ ਸਮਰੱਥਾ 1980 ਮੈਗਾਵਾਟ ਤੋਂ ਇਸ ਦੇ ਯੂਨਿਟ ਨੰਬਰ 1 ਅਤੇ 2 ਵੱਲੋਂ ਸਿਰਫ਼ 644 ਮੈਗਾਵਾਟ ਬਿਜਲੀ ਹੀ ਪੈਦਾ ਕੀਤੀ ਗਈ, ਜਦੋਂ ਕਿ ਇਸ ਤਾਪ ਘਰ ਦਾ ਤੀਜਾ ਯੂਨਿਟ ਬੰਦ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਸਰਕਾਰੀ ਖੇਤਰ ਦੇ ਸਭ ਤੋਂ ਵੱਡੇ ਤਾਪਘਰ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਚਾਰੇ ਯੂਨਿਟ ਬੰਦ ਕਰ ਦਿੱਤੇ ਗਏ ਹਨ। ਪਾਵਰਕੌਮ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਵੇਲੇ ਬਿਜਲੀ ਵਾਧੂ ਹੋਣ ਕਾਰਨ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਤਾਪਘਰਾਂ ਦੀ ਸਮਰੱਥਾ ਨੂੰ ਅੱਧਾ ਕੀਤਾ ਗਿਆ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਤੋਂ ਮਿਲੀ ਇੱਕ ਸੂਚਨਾ ਮੁਤਾਬਕ ਸਰਕਾਰੀ ਖੇਤਰ ਹੇਠਲੇ ਇੱਕ ਹੋਰ ਤਾਪ ਘਰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਵੱਲੋਂ ਆਪਣੇ ਸਾਰੇ ਯੂਨਿਟ ਬੰਦ ਕਰ ਦਿੱਤੇ ਗਏ ਹਨ। ਇਹ ਵੀ ਪਤਾ ਲੱਗਿਆ ਹੈ ਕਿ ਐੱਲਐਂਡਟੀ ਰਾਜਪੁਰਾ ਦੇ ਯੂਨਿਟ ਨੰਬਰ 1 ਤੋਂ 338 ਅਤੇ ਯੂਨਿਟ ਨੰਬਰ 2 ਨੇ 331 ਮੈਗਾਵਾਟ ਬਿਜਲੀ ਸਪਲਾਈ ਕੀਤੀ ਹੈ। ਇਸ ਤੋਂ ਇਲਾਵਾ ਜੀਵੀਕੇ ਗੋਇੰਦਵਾਲ ਤਾਪਘਰ ਦੇ ਯੂਨਿਟ ਨੰਬਰ 1 ਵੱਲੋਂ 149 ਮੈਗਵਾਟ ਬਿਜਲੀ ਹੀ ਪੈਦਾ ਕੀਤੀ ਗਈ, ਜਦੋਂ ਕਿ ਇਸ ਦਾ ਇੱਕ ਯੂਨਿਟ ਬੰਦ ਕਰ ਦਿੱਤਾ ਗਿਆ ਹੈ।