ਪਾਲ ਸਿੰਘ ਨੌਲੀ
ਜਲੰਧਰ, 23 ਸਤੰਬਰ
ਅੱਸੂ ਵਿਚ ਵੀ ਸਾਉਣ ਵਾਂਗ ਲੱਗੀ ਝੜੀ ਨੇ ਕਿਸਾਨਾਂ ਦੀ ਫਿਕਰਮੰਦੀ ਵਧਾ ਦਿੱਤੀ ਹੈ ਕਿਉਂਕਿ ਝੋਨੇ ਦੀ ਅਗੇਤੀ ਫਸਲ ਵਾਢੀ ਲਈ ਤਿਆਰ ਖੜ੍ਹੀ ਹੈ। ਅੱਜ ਤੜਕੇ ਤੋਂ ਸ਼ੁਰੂ ਹੋਈ ਝੜੀ ਦੁਪਹਿਰ ਬਾਅਦ ਤੱਕ ਜਾਰੀ ਰਹੀ। ਵਿਚ-ਵਿਚ ਤਾਂ ਮੀਂਹ ਕਾਫੀ ਤੇਜ਼ ਪੈਂਦਾ ਵੀ ਰਿਹਾ। ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ. ਨਰੇਸ਼ ਗੁਲਾਟੀ ਨੇ ਦੱਸਿਆ ਕਿ ਝੋਨੇ ਦੀ ਅਗੇਤੀ ਕਿਸਮ ਪੀਆਰ 126 ਪੱਕਣ ’ਤੇ ਆਈ ਹੋਈ ਹੈ ਤੇ ਇਸ ਦੀ ਵਾਢੀ ਅਕਤੂਬਰ ਦੇ ਪਹਿਲੇ ਹਫਤੇ ਸ਼ੁਰੂ ਹੋ ਜਾਣੀ ਹੈ। ਹੁਣ ਜਦੋਂ ਝੋਨੇ ਦੇ ਦਾਣਿਆਂ ਦਾ ਵਿਕਾਸ ਹੋ ਰਿਹਾ ਹੈ ਤਾਂ ਅਜਿਹੇ ਵਿਚ ਮੀਂਹ ਦਾ ਪੈਣਾ ਨੁਕਸਾਨਦੇਹ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਕਿਸਮਾਂ 15 ਅਕਤੂਬਰ ਤੋਂ ਬਾਅਦ ਵੱਢਣੀਆਂ ਹਨ ਉਨ੍ਹਾਂ ਲਈ ਤਾਂ ਮੀਂਹ ਠੀਕ ਹੈ ਪਰ ਅਗੇਤੀ ਕਿਸਮ ਦੇ ਝੋਨੇ ਲਈ ਮੀਂਹ ਨੁਕਸਾਨਦੇਹ ਹੈ। ਇਸ ਨਾਲ ਪੱਕ ਰਹੇ ਦਾਣੇ ਨੂੰ ਨੁਕਸਾਨ ਹੋ ਸਕਦਾ ਹੈ ਤੇ ਉਹ ਬਦਰੰਗ ਹੋਣ ਦੀਆਂ ਵੀ ਸੰਭਾਵਨਾਵਾਂ ਹਨ।
ਸ਼ਾਹਕੋਟ, ਨਕੋਦਰ, ਮਹਿਤਪੁਰ, ਸੁਲਤਾਨਪੁਰ ਲੋਧੀ, ਦੋਨੇ ਦਾ ਇਲਾਕਾ, ਗੁਰਾਇਆ, ਫਿਲੌਰ, ਆਦਮਪੁਰ ਦੋਆਬਾ, ਭੋਗਪੁਰ, ਕਰਤਾਰਪੁਰ, ਕਪੂਰਥਲਾ, ਭੁਲੱਥ ਅਤੇ ਹੋਰ ਆਲੇ ਦੁਆਲੇ ਇਲਾਕਿਆਂ ਵਿਚ ਮੀਂਹ ਲਗਾਤਾਰ ਪੈਂਦਾ ਰਿਹਾ ਤੇ ਝੋਨੇ ਦੇ ਖੇਤ ਪਾਣੀ ਨਾਲ ਭਰ ਗਏ। ਮੀਂਹ ਨਾਲ ਜਿਥੇ ਤਾਪਮਾਨ ਵਿਚ ਗਿਰਾਵਟ ਆਈ ਹੈ ਉਥੇ ਸ਼ਹਿਰੀ ਇਲਾਕਿਆਂ ਵਿਚ ਮੀਂਹ ਨੇ ਜਨਜੀਵਨ ਨੂੰ ਲੀਹ ਤੋਂ ਲਾਹ ਦਿੱਤਾ ਹੈ। ਇਥੋਂ ਤੱਕ ਕਿ ਕੌਮੀ ਮਾਰਗਾਂ ’ਤੇ ਪਾਣੀ ਖੜ੍ਹਾ ਹੋਣ ਨਾਲ ਆਵਾਜਾਈ ਨੂੰ ਲੰਘਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ।
ਭੁਲੱਥ (ਦਲੇਰ ਸਿੰਘ ਚੀਮਾ): ਪਿਛਲੇ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਭਾਰੀ ਮੀਂਹ ਨੇ ਕਿਸਾਨਾਂ ਲਈ ਭਾਰੀ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਬਹੁਤ ਸਾਰੇ ਖੇਤਾਂ ਵਿੱਚ ਦੋਧੇ ’ਤੇ ਆਈ ਝੋਨੇ ਦੀ ਫਸਲ ਡਿੱਗ ਗਈ ਹੈ। ਜਿਸ ਕਾਰਨ ਝੋਨੇ ਦੇ ਝਾੜ ’ਤੇ ਅਸਰ ਪੈ ਸਕਦਾ ਹੈ। ਇਸ ਸਬੰਧੀ ਕਿਸਾਨਾਂ ਗੁਰਨਾਮ ਸਿੰਘ ਮੁਲਤਾਨੀ ਨਡਾਲਾ, ਜਸਪਾਲ ਸਿੰਘ ਬੂਲੇਵਾਲ, ਸੁਰਿੰਦਰ ਸਿੰਘ, ਗੀਤੀ ਰਾਮ ਦਮੂਲੀਆਂ ਤੇ ਜੀਤ ਸਿੰਘ ਰਾਏਪੁਰ ਰਾਜਪੂਤਾਂ ਨੇ ਦੱਸਿਆ ਕਿ ਇਸ ਵਾਰ ਪਹਿਲਾਂ ਝੋਨੇ ਦੀ ਬਿਜਾਈ ਅਤੇ ਪਾਲਣ ਸਮੇਂ ਮੀਂਹ ਬਹੁਤ ਹੀ ਘੱਟ ਪਏ ਪਰ ਹਾਲੀਆ ਬੇਲੋੜੇ ਮੀਂਹ ਕਾਰਨ ਭਾਰੀ ਨੁਕਸਾਨ ਹੋ ਰਿਹਾ ਹੈ।
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਇਥੇ ਅੱਜ ਫਿਰ ਹੋਈ ਜ਼ੋਰਦਾਰ ਬਾਰਸ਼ ਲੋਕਾਂ ਲਈ ਵੱਡੀ ਆਫ਼ਤ ਬਣ ਕੇ ਆਈ। ਖ਼ਾਸ ਤੌਰ ’ਤੇ ਸ਼ਹਿਰ ਦੇ ਮੁੱਖ ਐਂਟਰੀ ਪੁਆਇੰਟਾਂ ਨੂੰ ਬਾਰਸ਼ ਦੇ ਪਾਣੀ ਨੇ ਆਪਣੇ ਘੇਰੇ ਵਿੱਚ ਲੈ ਲਿਆ। ਜਿੱਥੇ ਬਾਰਸ਼ ਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਆਵਾਜਾਈ ਤਕਰੀਬਨ ਸਾਰਾ ਦਿਨ ਪ੍ਰਭਾਵਿਤ ਰਹੀ ਉੱਥੇ ਦੁਕਾਨਾਂ ਅੰਦਰ ਪਾਣੀ ਵੜ ਜਾਣ ਕਾਰਨ ਆਮ ਦੁਕਾਨਦਾਰ ਬਹੁਤ ਪ੍ਰੇਸ਼ਾਨ ਰਹੇ।
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਵੀਰਵਾਰ ਨੂੰ ਸਵੇਰੇ 6 ਕੁ ਵਜੇ ਤੋਂ ਬਾਅਦ ਦੁਪਹਿਰ ਤੱਕ ਬਲਾਚੌਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਹੋਈ ਮੋਹਲੇਧਾਰ ਬਾਰਿਸ਼ ਨੇ ਜਨ ਜੀਵਨ ਅਸਤ-ਵਿਅਸਤ ਕਰਕੇ ਰੱਖ ਦਿੱਤਾ। ਵੱਢਣ ਲਈ ਤਿਆਰ ਖੜ੍ਹੀ ਝੋਨੇ ਦੀ ਫਸਲ ਦੇ ਖੇਤਾਂ ਵਿੱਚ ਪਾਣੀ ਖੜ੍ਹਨ ਕਾਰਨ ਝੋਨੇ ਦੇ ਝਾੜ ‘ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ। ਤਹਿਸੀਲ ਕੰਪਲੈਕਸ ਬਲਾਚੌਰ ਵਿੱਚ ਬੇ-ਸ਼ੁਮਾਰ ਪਾਣੀ ਖੜ੍ਹਨ ਕਾਰਨ ਕੰਮਾਂ-ਕਾਰਾਂ ਲਈ ਆਏ ਲੋਕਾਂ ਅਤੇ ਤਹਿਸੀਲ ਕੰਪਲੈਕਸ ‘ਚ ਕੰਮ ਕਰਦੇ ਵਸੀਕਾ ਨਵੀਸਾਂ, ਟਾਈਪਿਸਟਾਂ ਅਤੇ ਅਸ਼ਟਾਮ ਫਰੋਸ਼ਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਵੀਰਵਾਰ ਨੂੰ ਵਰ੍ਹੇ ਭਾਰੀ ਮੀਂਹ ਨੇ ਹਰ ਪਾਸੇ ਜਲਥਲ ਕਰ ਦਿੱਤੀ। ਲਗਾਤਾਰ ਕਈ ਘੰਟੇ ਬਾਰਿਸ਼ ਹੋਣ ਨਾਲ ਸ਼ਹਿਰ ਤੇ ਆਸਪਾਸ ਦੇ ਇਲਾਕੇ ਪਾਣੀ ਨਾਲ ਭਰ ਗਏ। ਬਰਸਾਤ ਕਾਰਨ ਆਵਾਜਾਈ ਠੱਪ ਹੋ ਗਈ। ਦਫ਼ਤਰਾਂ, ਸਕੂਲਾਂ, ਕਲਜਾਂ ਨੂੰ ਜਾਣ ਵਾਲਿਆਂ ਨੂੰ ਭਾਰੀ ਦਿੱਕਤ ਪੇਸ਼ ਆਈ। ਨੀਂਵੇ ਹਲਕਿਆਂ ’ਚ ਪਾਣੀ ਭਰ ਜਾਣ ਕਾਰਨ ਕਾਰੋਬਾਰ ਵੀ ਕਈ ਘੰਟੇ ਠੱਪ ਰਹੇ। ਸੀਵਰੇਜ ਦੇ ਪਾਣੀ ਨੇ ਵੀ ਬਰਸਾਤੀ ਪਾਣੀ ਨਾਲ ਮਿਲ ਕੇ ਨੀਵੇਂ ਇਲਾਕਿਆਂ ’ਚ ਤਬਾਹੀ ਮਚਾਈ। ਭਾਰੀ ਬਰਸਾਤ ਕਾਰਨ ਚਾਰੇ, ਝੋਨੇ ਅਤੇ ਸਬਜੀਆਂ ਦੀ ਫ਼ਸਲ ਨੂੰ ਵੀ ਨੁਕਸਾਨ ਪਹੁੁੰਚਇਆ। ਹੁਸ਼ਿਆਰਪੁਰ ਸਬ ਡਿਵੀਜ਼ਨ ’ਚ 95 ਐੱਮ.ਐੱਮ ਮੀਂਹ ਰਿਕਾਰਡ ਕੀਤਾ ਗਿਆ।
ਗੜ੍ਹਸ਼ੰਕਰ (ਜੇਬੀ ਸੇਖੋਂ): ਲੰਘੇ ਦੋ ਦਿਨ੍ਹਾਂ ਤੋਂ ਇਲਾਕੇ ਵਿੱਚ ਪੈ ਰਹੇ ਭਾਰੀ ਮੀਂਹ ਨੇ ਸਬਜ਼ੀਆਂ ਦੇ ਕਾਸ਼ਤਕਾਰਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸ ਮੀਂਹ ਕਰਕੇ ਮਟਰਾਂ ਅਤੇ ਆਲੂਆਂ ਦੀ ਬਿਜਾਈ ਵਾਲੇ ਖੇਤਾਂ ਵਿੱਚ ਪਾਣੀ ਦੇ ਵੱਡੀ ਮਾਤਰਾਂ ਵਿੱਚ ਜਮ੍ਹਾਂ ਹੋਣ ਕਾਰਨ ਸਾਰੀ ਬਿਜਾਈ ਬਰਬਾਦ ਹੋ ਗਈ ਹੈ। ਕਿਸਾਨਾਂ ਨੇ ਇਸ ਸਬੰਧੀ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਮੱਕੀ ਅਤੇ ਝੋਨੇ ਦੀ ਥਾਂ ਸਬਜ਼ੀਆਂ ਦੀ ਕਾਸ਼ਤ ਵੱਲ ਆਉਣ ਵਾਲੇ ਕਿਸਾਨਾਂ ਦਾ ਇਨ੍ਹਾਂ ਦਿਨ੍ਹਾਂ ਵਿੱਚ ਪਏ ਬੇਮੌਸਮੀ ਮੀਂਹ ਨੇ ਵੱਡਾ ਆਰਥਿਕ ਨੁਕਸਾਨ ਕੀਤਾ ਹੈ।
ਸ਼ਾਹਕੋਟ (ਪੱਤਰ ਪ੍ਰੇਰਕ): ਤਿੰਨ ਦਿਨਾਂ ਤੋਂ ਲਗਾਤਰ ਪੈ ਰਹੇ ਭਾਰੀ ਮੀਂਹ ਨੇ ਕਿਸਾਨਾਂ ਨੂੰ ਬਹੁਤ ਵੱਡੇ ਫਿਕਰਾਂ ਵਿੱਚ ਪਾ ਦਿੱਤਾ ਹੈ। ਪੱਕਣ ਤੇ ਆਈ ਹੋਈ ਝੋਨੇ ਦੀ ਫਸਲ ਲਈ ਇਹ ਮੀਂਹ ਬਹੁਤ ਹਾਨੀਕਾਰਕ ਸਾਬਿਤ ਹੋ ਰਿਹਾ ਹੈ। ਮੀਂਹ ਸਬਜੀਆਂ,ਹਰਾ ਚਾਰਾ ਅਤੇ ਤੋੜੀਆ ਸਣੇ ਹੋਰ ਕਈ ਫਸਲਾਂ ਨੂੰ ਵੀ ਬਰਬਾਦ ਕਰ ਰਿਹਾ ਹੈ।
ਫਗਵਾੜਾ ਦੇ ਬਿਜਲੀ ਘਰ ਵਿੱਚ ਪਾਣੀ ਭਰਿਆ਼
ਫਗਵਾੜਾ (ਜਸਬੀਰ ਸਿੰਘ ਚਾਨਾ): ਪਿਛਲੇ ਦੋ ਦਿਨਾਂ ਤੋਂ ਲਗਾਤਾਰ ਸ਼ੁਰੂ ਹੋਏ ਮੀਂਹ ਨੇ ਅੱਜ ਕਾਫ਼ੀ ਤੇਜ਼ੀ ਫੜ ਲਈ ਜਿਸ ਕਾਰਨ ਸਵੇਰੇ ਤੜਕੇ ਤੋਂ ਸ਼ੁਰੂ ਹੋਏ ਮੀਂਹ ਨੇ ਪੂਰੇ ਸ਼ਹਿਰ ਨੂੰ ਜਲ-ਥਲ ਕਰ ਦਿੱਤਾ। ਇੱਥੋਂ ਤੱਕ ਕਿ ਹੁਸ਼ਿਆਰਪੁਰ ਰੋਡ ’ਤੇ ਸਥਿਤ ਬਿਜਲੀ ਘਰ ਵੀ ਬੁਰੀ ਤਰ੍ਹਾਂ ਪਾਣੀ ਨਾਲ ਭਰ ਗਿਆ ਜਿਸ ਕਾਰਨ ਕਰੀਬ 28 ਪਿੰਡਾਂ ਤੇ ਕੁੱਝ ਸ਼ਹਿਰੀ ਖੇਤਰ ਵੀ ਬਿਜਲੀ ਤੋਂ ਵਾਂਝੇ ਹੋ ਗਏ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲਾ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਮੀਂਹ ਕਾਰਨ ਸ਼ਹਿਰ ਤਾਂ ਪਾਣੀ ਨਾਲ ਭਰਿਆ ਹੋਇਆ ਸੀ. ਹੁਸ਼ਿਆਰਪੁਰ ਰੋਡ ’ਤੇ ਸਥਿਤ ਬਿਜਲੀ ਘਰ ’ਚ ਪਾਣੀ ਵੜ੍ਹ ਜਾਣ ਕਾਰਨ ਜਿੱਥੇ ਲੋਕਾਂ ਨੂੰ ਕਰੀਬ 12 ਘੰਟੇ ਤੋਂ ਵੱਧ ਸਮਾਂ ਬਿਨ੍ਹਾਂ ਬਿਜਲੀ ਤੋਂ ਗੁਜ਼ਾਰਨਾ ਪਿਆ। ਬਿਜਲੀ ਘਰ ’ਚ ਪਾਣੀ ਭਰਨ ਤੋਂ ਬਾਅਦ ਮੌਕੇ ’ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਏ.ਡੀ.ਸੀ. ਰਾਜੀਵ ਵਰਮਾ ਤੇ ਬਿਜਲੀ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਧਾਲੀਵਾਲ ਨੇ ਅਧਿਕਾਰੀਆਂ ਨੂੰ ਇਸ ਨੂੰ ਤੁਰੰਤ ਖਾਲੀ ਕਰਨ ਦੀ ਸਖ਼ਤ ਹਦਾਇਤ ਕੀਤੀ।ਕਿਸਾਨ ਆਗੂ ਗੁਰਪਾਲ ਸਿੰਘ ਪਾਲਾ ਮੌਲੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦੋ ਤਿੰਨ ਦਿਨ ਤੋਂ ਹੋ ਰਹੀ ਤੇਜ਼ ਬਾਰਿਸ਼ ਕਾਰਨ ਪਿੰਡਾਂ ਦੇ ’ਚ 30 ਫ਼ੀਸਦੀ ਅਗੇਤਾ ਝੋਨਾ ਬੁਰੀ ਤਰ੍ਹਾਂ ਤਬਾਹ ਹੋ ਗਿਆ ਹੈ ।
ਫਸਲਾਂ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ
ਜਲੰਧਰ(ਨਿੱਜੀ ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਮਾਲ ਅਧਿਕਾਰੀਆਂ ਜ਼ਿਲ੍ਹਾ ਮਾਲ ਅਫ਼ਸਰ ਅਤੇ ਸਾਰੇ ਉਪ ਮੰਡਲ ਮੈਜਿਸਟਰੇਟ ਨੂੰ ਆਦੇਸ਼ ਦਿੱਤੇ ਹਨ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਕਰਕੇ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਲ ਅਧਿਕਾਰੀਆਂ ਦੀਆਂ ਟੀਮਾਂ ਨੂੰ ਪਹਿਲਾਂ ਹੀ ਫਸਲਾਂ ਦੇ ਹੋਏ ਨੁਕਸਾਨ ਦਾ ਸਮੇਂ ਸਿਰ ਸਰਵੇ ਕਰਨ ਦੀਆਂ ਹਦਾਇਤਾਂ ਕੀਤੀਆਂ ਜਾ ਚੁੱਕੀਆਂ ਹਨ।