ਗਗਨਦੀਪ ਅਰੋੜਾ
ਲੁਧਿਆਣਾ, 22 ਮਾਰਚ
ਸ਼ਹੀਦ ਸੁਖਦੇਵ ਥਾਪਰ ਦੇ ਵਾਰਸਾਂ ਵੱਲੋਂ ਬਣਾਏ ਗਏ ‘ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ’ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 23 ਮਾਰਚ ਨੂੰ ਸਿਰਫ਼ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਦੱਸਣ ’ਤੇ ਰੋਸ ਪ੍ਰਗਟਾਉਂਦਿਆਂ 23 ਮਾਰਚ ਨੂੰ ਹੋਣ ਵਾਲੇ ਸਾਰੇ ਸਰਕਾਰੀ ਸਮਾਗਮਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ। ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਸ਼ਹੀਦ ਰਾਜਗੁਰੂ ਅਤੇ ਸੁਖਦੇਵ ਥਾਪਰ ਦਾ ਨਾਮ ਤੱਕ ਨਾ ਲੈਣਾ ਸ਼ਹੀਦਾਂ ਦਾ ਅਪਮਾਨ ਹੈ। ਇਸੇ ਤਰ੍ਹਾਂ ਤਿੰਨਾਂ ਸ਼ਹੀਦਾਂ ਦੀ ਜਗ੍ਹਾ ਇਕੱਲੇ ਸ਼ਹੀਦ ਭਗਤ ਸਿੰਘ ਦਾ ਬੁੱਤ ਲਾਉਣ ਦਾ ਐਲਾਨ ਵੀ ਸਮਝ ਤੋਂ ਬਾਹਰ ਹੈ।
ਸ਼ਹੀਦ ਸੁਖਦੇਵ ਦੇ ਜੱਦੀ ਘਰ ਦੀ ਹਾਲਤ ਖਸਤਾ
ਅਸ਼ੋਕ ਥਾਪਰ ਨੇ ਦੱਸਿਆ ਕਿ ਸ਼ਹੀਦ ਸੁਖਦੇਵ ਦਾ ਜੱਦੀ ਘਰ ਵੀ ਖਸਤਾ ਹਾਲਤ ਵਿੱਚ ਹੈ। ਇਸ ਦੀ ਮੁਰੰਮਤ ਲਈ ਚਾਰ ਸਾਲ ਪਹਿਲਾਂ ਇੱਕ ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਸੀ। ਇਸ ਦਾ ਕੰਮ ਵੀ ਉਨ੍ਹਾਂ ਵਾਰ-ਵਾਰ ਸਰਕਾਰੀ ਦਫਤਰਾਂ ਦੇ ਗੇੜੇ ਲਾ ਕੇ ਸ਼ੁਰੂ ਕਰਵਾਇਆ ਸੀ। ਹੁਣ ਕੰਮ ਬਹੁਤ ਹੌਲੀ ਚੱਲ ਰਿਹਾ ਹੈ। ਕੋਈ ਸੁਣਵਾਈ ਨਹੀਂ ਹੋ ਰਹੀ।