ਸਰਬਜੀਤ ਸਿੰਘ ਭੱਟੀ
ਲਾਲੜੂ, 11 ਅਗਸਤ
ਰਸੋਈ ਦੇ ਕੰਮਕਾਰ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਹੈਲਪਰ ਨੇ ਨੇਪਾਲੀ ਲਾਂਗਰੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਹੱਤਿਆ ਲਈ ਵਰਤਿਆ ਚਾਕੂ ਬਰਾਮਦ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਿਕ ਥਾਣਾ ਮੁੱਖੀ ਹੰਡੇਸਰਾ ਗੁਰਬਚਨ ਸਿੰਘ ਨੇ ਦੱਸਿਆ ਕਿ ਜੌਲਾ-ਹੰਡੇਸਰਾ ਸੜਕ ਉਤੇ ਸੀਂਹਪੁਰ ਮੋੜ ’ਤੇ ਕਿਰਾਏ ਦੇ ਇਕ ਮਕਾਨ ਵਿੱਚ ਪੰਜ ਵਿਅਕਤੀ ਰਹਿੰਦੇ ਹਨ, ਜਿਨ੍ਹਾਂ ਨੇ ਸ਼ੰਕਰ(28) ਪੁੱਤਰ ਨਾਰ ਸਿੰਘ ਵਾਸੀ ਗੰਗਟਾਨ, ਨੇਪਾਲ ਅਤੇ ਦਲੀਪ ਬੜਾ(48)ਪੁੱਤਰ ਡੰਡੀ ਬੜਾ, ਜ਼ਿਲ੍ਹਾ ਨਗਾਓ ਆਸਾਮ ਨੂੰ ਖਾਣਾ ਬਣਾਉਣ ਲਈ ਰੱਖਿਆ ਹੋਇਆ ਹੈ। ਜਗਰੂਪ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਲਾਂਗਰੀ ਸੰਕਰ ਅਤੇ ਹੈਲਪਰ ਦਲੀਪ ਬੜਾ ਵਿੱਚ ਖਾਣਾ ਬਣਾਉਣ ਨੂੰ ਲੈ ਕੇ ਝਗੜਾ ਹੋਇਆ ਸੀ। 10/11 ਅਗਸਤ ਦੀ ਦਰਮਿਆਨੀ ਰਾਤ ਨੂੰ ਕਰੀਬ 12 ਵਜੇ ਉਨ੍ਹਾਂ ਵੇਖਿਆ ਕਿ ਸ਼ੰਕਰ ਕਮਰੇ ਤੋਂ ਬਾਹਰ ਨਿਕਲ ਕੇ ਸੜਕ ਵੱਲ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਸ ਦਾ ਪਿੱਛਾ ਕਰਦੇ ਹੋਏ ਦਲੀਪ ਬੜਾ ਵੀ ਉਥੇ ਪਹੁੰਚ ਗਿਆ, ਜਿਸ ਦੇ ਹੱਥ ਵਿੱਚ ਚਾਕੂ ਸੀ ਤੇ ਉਸ ਨੇ ਚਾਕੂ ਮਾਰ ਕੇ ਸ਼ੰਕਰ ਦਾ ਕਤਲ ਕਰ ਦਿੱਤਾ। ਪੁਲੀਸ ਨੇ ਸ਼ੰਕਰ ਦੀ ਲਾਸ਼ ਸਿਵਲ ਹਸਪਤਾਲ ਡੇਰਾਬਸੀ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਹੈ ਅਤੇ ਨੇਪਾਲ ਵਿੱਚ ਉਸ ਦੇ ਪਰਿਵਾਰ ਵਾਲਿਆਂ ਨੂੰ ਸੁੂਚਿਤ ਕਰ ਦਿੱਤਾ ਹੈ। ਮੁਲਜ਼ਮ ਦਲੀਪ ਬੜਾ ਨੂੰ ਪੁਲੀਸ ਨੇ ਸਵੇਰੇ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਕੋਲੋਂ ਹੱਤਿਆ ਵਿੱਚ ਇਸਤੇਮਾਲ ਚਾਕੂ ਵੀ ਬਰਾਮਦ ਕਰ ਲਿਆ ਹੈ। ਮੁਲਜ਼ਮ ਨੇ ਆਪਣਾ ਜੁਰਮ ਕਬੂਲ ਲਿਆ ਹੈੇ।