ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਸਤੰਬਰ
ਸ੍ਰੀ ਹੇਮਕੁੰਟ ਸਾਹਿਬ ਦੀ ਭਲਕੇ 4 ਸਤੰਬਰ ਤੋਂ ਸ਼ੁਰੂ ਹੋ ਰਹੀ ਸਾਲਾਨਾ ਯਾਤਰਾ ਲਈ ਅੱਜ ਸਿੱਖ ਸ਼ਰਧਾਲੂਆਂ ਦਾ ਪਹਿਲਾ ਜੱਥਾ ਉਤਰਾਖੰਡ ਸਥਿਤ ਗੁਰਦੁਆਰਾ ਗੋਬਿੰਦ ਘਾਟ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਹੋਇਆ।
ਸਾਲਾਨਾ ਯਾਤਰਾ ਦੇ ਸਬੰਧ ਵਿੱਚ ਗੁਰਦੁਆਰਾ ਗੋਬਿੰਦ ਘਾਟ ਵਿਖੇ ਅਖੰਡ ਪਾਠ ਆਰੰਭ ਕੀਤਾ ਗਿਆ ਸੀ, ਜਿਸ ਦੇ ਅੱਜ ਭੋਗ ਪਾਏ ਗਏ। ਇਸ ਮੌਕੇ ਗੁਰਬਾਣੀ ਦਾ ਕੀਰਤਨ ਅਤੇ ਅਰਦਾਸ ਕੀਤੀ ਗਈ। ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਲਗਪਗ 100 ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਗੋਬਿੰਦ ਧਾਮ ਲਈ ਰਵਾਨਾ ਹੋਇਆ ਹੈ, ਜਿਥੋਂ ਸ਼ਰਧਾਲੂ ਭਲਕੇ ਗੁਰਦੁਆਰਾ ਹੇਮਕੁੰਟ ਸਾਹਿਬ ਲਈ ਜਾਣਗੇ।
ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਪੰਥਕ ਰਵਾਇਤਾਂ ਮੁਤਾਬਕ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਰਧਾਲੂ ਰਵਾਨਾ ਹੋਏ ਹਨ। ਇਸ ਮੌਕੇ ਫੌਜੀ ਜਵਾਨ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਭਲਕੇ 4 ਸਤੰਬਰ ਨੂੰ 9 ਵਜੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੁੱਖ ਆਸਣ ਅਸਥਾਨ ਤੋਂ ਪਾਵਨ ਸਰੂਪ ਦੀਵਾਨ ਹਾਲ ਵਿਚ ਲਿਆ ਕੇ ਪ੍ਰਕਾਸ਼ ਕੀਤਾ ਜਾਵੇਗਾ। ਸੁਖਮਨੀ ਸਾਹਿਬ ਦੇ ਪਾਠ ਮਗਰੋਂ ਪਹਿਲੀ ਅਰਦਾਸ ਹੋਵੇਗੀ। ਸਿੱਖ ਸ਼ਰਧਾਲੂਆਂ ਦਾ ਜਥਾ ਭਲਕੇ ਤੜਕੇ ਸਵੇਰੇ ਗੁਰਦੁਆਰਾ ਗੋਬਿੰਦ ਧਾਮ ਤੋਂ ਲਗਪਗ ਛੇ ਕਿਲੋਮੀਟਰ ਦੂਰ ਗੁਰਦੁਆਰਾ ਹੇਮਕੁੰਟ ਸਾਹਿਬ ਲਈ ਰਵਾਨਾ ਹੋਣਗੇ।
ਉਨ੍ਹਾਂ ਦੱਸਿਆ ਕਿ ਉਤਰਾਖੰਡ ਪ੍ਰਸ਼ਾਸਨ ਨੇ ਹੇਮਕੁੰਟ ਸਾਹਿਬ ਯਾਤਰਾ ਵਾਸਤੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਇਕ ਦਿਨ ਵਿਚ ਇਕ ਸੌ ਤੋਂ ਦੋ ਸੌ ਕਰ ਦਿੱਤੀ ਹੈ। ਹਰੇਕ ਸ਼ਰਧਾਲੂ ਨੂੰ ਆਉਣ ਤੋਂ ਪਹਿਲਾਂ ਈ ਪਾਸ ਲੈਣਾ ਪਵੇਗਾ, ਜੋ ਕਿ ਦੇਹਰਾਦੂਨ ਸਮਾਰਟ ਸਿਟੀ ਡਾਟ ਕਾਮ ’ਤੇ ਅਪਲਾਈ ਕਰਨ ਮਗਰੋਂ ਮਿਲ ਸਕੇਗਾ। ਇਸ ਲਈ ਹਰੇਕ ਯਾਤਰੂ ਕੋਲ 72 ਘੰਟੇ ਪਹਿਲਾਂ ਕਰਵਾਏ ਕਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਹੋਣਾ ਜ਼ਰੂਰੀ ਹੈ। ਈ-ਪਾਸ ਲਈ ਇਕ ਵਾਹਨ ਦਾ ਨੰਬਰ ਅਤੇ ਯਾਤਰੂਆਂ ਦੀ ਗਿਣਤੀ ਦਰਜ ਕਰਾਉਣਾ ਵੀ ਜ਼ਰੂਰੀ ਹੈ। ਇਸ ਤੋਂ ਬਿਨਾਂ ਆਉਣ ਵਾਲੇ ਨੂੰ ਪ੍ਰਸ਼ਾਸਨ ਵਲੋਂ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਯਾਤਰਾ ਸਬੰਧੀ ਲੋੜੀਂਦੇ ਪ੍ਰਬੰਧ ਮੁਕੰਮਲ ਹਨ।