ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 25 ਜੂਨ
ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਭੇਜੀ ਗਈ ਹੈਰੋਇਨ ਦੋ ਵੱਖ-ਵੱਖ ਥਾਵਾਂ ਤੋਂ ਬੀਐੱਸਐੱਫ ਦੇ ਜਵਾਨਾਂ ਨੇ ਬਰਾਮਦ ਕੀਤੀ ਹੈ। ਇਸ ਸਬੰਧੀ ਇੱਕ ਕੇਸ ਥਾਣਾ ਲੱਖੋ ਕੇ ਬਹਿਰਾਮ ਅਤੇ ਦੂਜਾ ਥਾਣਾ ਮਮਦੋਟ ਵਿੱਚ ਦਰਜ ਕੀਤਾ ਗਿਆ ਹੈ। ਬੀਐੱਸਐੱਫ਼ ਦੇ ਕੰਪਨੀ ਕਮਾਂਡਰ ਨੇ ਮਮਦੋਟ ਪੁਲੀਸ ਨੂੰ ਦੱਸਿਆ ਕਿ ਲੱਖਾ ਸਿੰਘ ਵਾਲਾ ਪਿੰਡ ਦੇ ਨਾਲ ਲੱਗਦੀ ਸਰਹੱਦ ’ਤੇ ਗਸ਼ਤ ਕਰ ਰਹੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਉਂ ਆਏ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦਾ ਇੱਕ ਪੈਕਟ ਬਰਾਮਦ ਕੀਤਾ ਹੈ ਜਿਸ ਵਿੱਚੋਂ 530 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਦੂਜੇ ਪਾਸੇ, ਕੰਪਨੀ ਕਮਾਂਡਰ ਇੰਸਪੈਕਟਰ ਟੀ ਦਾਲਸੁਆਨਲਮ ਨੇ ਲੱਖੋ ਕੇ ਬਹਿਰਾਮ ਪੁਲੀਸ ਨੂੰ ਸੂਚਨਾ ਦਿੱਤੀ ਕਿ ਰਾਜਾ ਮੋਹਤਮ ਚੌਕੀ ਨੇੜੇ ਡਿਊਟੀ ’ਤੇ ਤਾਇਨਾਤ ਜਵਾਨਾਂ ਨੇ ਇੱਕ ਡਰੋਨ ਅਤੇ ਡਰੋਨ ਰਾਹੀਂ ਸੁੱਟੇ ਗਏ ਹੈਰੋਇਨ ਦੇ ਇੱਕ ਪੈਕੇਟ ਨੂੰ ਬਰਾਮਦ ਕੀਤਾ ਹੈ ਜਿਸ ਵਿੱਚੋਂ 570 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।